ਡੂੰਘੀ ਸਾਂਝ:
ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਬੇਟੀ ਸਪਨਾਂ ਬੋਲ਼ੀ ਸੀ ਤਾਂ ਮੇਰਾ ਉਸ ਨਾਲ ਗੱਲਾਂ ਬਾਤਾਂ ਕਰਨ ਦਾ ਤਰੀਕਾ ਹੀ ਬਦਲ ਗਿਆ। ਮੈਂ ਉਸ ਨਾਲ ਬੋਲਣਾ ਅਤੇ ਗੀਤ ਗਾਉਂਣਾ ਬੰਦ ਕਰ ਦਿੱਤਾ ਤੇ ਕਈ ਮਹੀਨੇ ਬਹੁਤ ਹੀ ਉਦਾਸ ਰਹੀ । ਮੈਨੂੰ ਸੰਗੀਤ ਨਾਲ ਬਹੁਤ ਪਿਆਰ ਹੈ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਸਾਰੀ ਉਮਰ ਕੁਝ ਵੀ ਸਪਨਾ ਨਾਲ ਸਾਂਝਾ ਨਹੀਂ ਕਰ ਸਕਾਂਗੀ ਪਰ ਜਦੋਂ ਮੈਨੂੰ ਬੋਲ਼ੇਪਨ ਬਾਰੇ ਜਾਣਕਾਰੀ ਹੋ ਗਈ ਤਾਂ ਮੈਨੂੰ ਇਹ ਪਤਾ ਲੱਗਾ ਕਿ ਸਪਨਾ ਨੂੰ ਅਜੇ ਵੀ ਸੰਗੀਤ ਤੋ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ।
ਭਾਵੇਂ ਉਹ ਸੁਣ ਨਹੀ ਸੀ ਸਕਦੀ ਪਰ ਉਹ ਹਾਵ-ਭਾਵ ਤਾਂ ਦੇਖ ਸਕਦੀ ਸੀ ਜੋ ਕਿ ਗਾਉਂਣ ਤੇ ਬੋਲਣ ਵਕਤ ਸਾਡੇ ਚਿਹਰੇ ਤੇ ਆਉਂਦੇ ਹਨ । ਉਹ ਮੇਰੇ ਬੁੱਲਾਂ ਦੀ ਹਰਕਤ ਨੂੰ ਵੇਖਦੀ ਸੀ ਤੇ ਮੇਰੀ ਛਾਤੀ ਨੂੰ ਮੇਰੇ ਹਾਸੇ ਤੇ ਗਾਣੇ ਨਾਲ ਉਪਰ ਨੀਚੇ ਹੁੰਦਾ ਵੇਖਦੀ ਸੀ । ਉਹ ਮੇਰੇ ਨਾਲ ਮਿਲ ਕੇ ਸੰਗੀਤ ਦਾ ਆਨੰਦ ਮਾਣ ਸਕਦੀ ਸੀ । ਉਹ ਆਵਾਜ਼ਾਂ ਦੀਆਂ ਤਰੰਗਾਂ ਨੂੰ ਫਰਸ਼ ਤੋਂ ਆਪਣੇ ਸਰੀਰ ਨਾਲ ਮਹਿਸੂਸ ਕਰ ਸਕਦੀ ਸੀ । ਮੈਂ ਆਪਣੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਮੈਂ ਸਪਨਾ ਨਾਲ ਇੰਨੀ ਡੂੰਘੀ ਸਾਂਝ ਪਾ ਸਕਾਂਗੀ।