ਗੂੰਗੇ ਤੇ ਬੋਲੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਬਹੁਤ ਜ਼ਰੂਰੀ ਹੈ । ਇਸ ਵਾਸਤੇ ਬੱਚੇ ਨਾਲ ਬੈਠ ਕੇ ਕਿਤਾਬ ਪੜ੍ਹੋ ਤੇ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖੋ:
- ਜੇ ਕਰ ਬੱਚਾ ਥੋੜਾ ਪੜ੍ਹ ਲੈਂਦਾ ਹੈ ਤਾਂ ਉਸ ਨੂੰ ਆਪਣੀ ਮਨਪਸੰਦ ਕਿਤਾਬ ਪੜ੍ਹਨ ਦਿਉ । ਜੇਕਰ ਬੱਚਾ ਅਜੇ ਨਹੀਂ ਪੜ੍ਹ ਸਕਦਾ ਤਾਂ ਰੰਗ- ਬਿਰੰਗੀਆਂ ਤਸਵੀਰਾਂ ਵਾਲੀਆਂ ਸੌਖੀਆਂ ਕਿਤਾਬਾਂ ਤੋਂ ਸ਼ੁਰੂ ਕਰੋ।
- ਕਿਤਾਬ ਕਿਤੇ ਵੀ ਬੈਠ ਕੇ ਪੜ੍ਹੀ ਜਾ ਸਕਦੀ ਹੈ ਜਿਵੇ ਕਿ ਬਿਸਤਰ ‘ਤੇ, ਫਰਸ਼ ‘ਤੇ ਜਾਂ ਕੁਰਸੀ ‘ਤੇ ਬੈਠ ਕੇ ।
- ਹਰ ਇੱਕ ਸ਼ਬਦ ਨੁੰ ਪੜ੍ਹਨ ਜਾਂ ਸੰਕੇਤਿਕ ਭਾਸ਼ਾ ਰਾਂਹੀ ਦੱਸਣ ਦੀ ਜ਼ਰੂਰਤ ਨਹੀਂ ਹੈ । ਕਹਾਣੀ ਦੇ ਜ਼ਰੂਰੀ ਤੇ ਦਿਲਚਸਪ ਹਿੱਸਿਆਂ ‘ਤੇ ਜ਼ੋਰ ਦਿਉ ।
- ਕਿਤਾਬ ਕਿਵੇਂ ਪੜ੍ਹੀ ਜਾਵੇ ਇਹ ਬੱਚੇ ਤੇ ਛੱਡ ਦਿਉ । ਬੱਚਾ ਕੀ ਵੇਖਦਾ ਹੈ ਕਿਵੇਂ ਪੰਨੇ ਪਰਤਦਾ ਹੈ, ਇਸ ਵਾਸਤੇ ਉਸਨੂੰ ਪੂਰੀ ਆਜ਼ਾਦੀ ਦਿਉ ਕਿਉਂਕਿ ਸਾਡਾ ਮੰਤਵ ਤਾਂ ਇਹ ਹੈ ਕਿ ਬੱਚੇ ਨੂੰ ਪਤਾ ਲੱਗੇ ਕਿ ਇੰਨ੍ਹਾ ਕਿਤਾਬਾਂ ਵਿੱਚ ਦਿਲਚਸਪ ਕਹਾਣੀਆਂ ਹਨ । ਕਿਤਾਬ ਨੂੰ ਸਪਰਸ਼ ਕਰਨ ਨਾਲ ਬੱਚਾ ਕੀ ਮਹਿਸੂਸ ਕਰਦਾ ਹੈ, ਵੀ ਜ਼ਰੂਰੀ ਹੈ । ਇਸ ਲਈ ਕਿਤਾਬ ਚੰਗੇ ਤੇ ਮੋਟੇ ਕਾਗਜ਼ ਤੇ ਹੋਣੀ ਚਾਹੀਦੀ ਹੈ।
- ਆਪਣੀਆਂ ਗੱਲਾਂ ਕਿਤਾਬ ਦੀ ਕਹਾਣੀ ਤਕ ਸੀਮਤ ਨਾ ਰੱਖੋ ।ਕਹਾਣੀ ਦੇ ਸ਼ਬਦਾਂ ਨਾਲ ਢੁੱਕਵੀਆਂ ਹੋਰ ਗੱਲਾਂ ਵੀ ਕਰੋ ਜਿਵੇਂ ਕਿ ਕਹਾਣੀ ਵਿੱਚ ਜੇਕਰ ਕੁੱਤੇ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਨਾਲ ਆਪਣੇ ਜਾਂ ਗੁਆਂਢੀਆਂ ਦੇ ਕੁੱਤੇ ਦਾ ਜ਼ਿਕਰ ਵੀ ਕਰੋ।
- ਕਹਾਣੀ ਨੂੰ ਉਭਾਰ ਕੇ ਦਿਲਚਸਪ ਤੇ ਅਨੰਦਮਈ ਬਣਾਉ । ਕਹਾਣੀ ਦੇ ਕੁਝ ਪਾਤਰਾਂ ਦੀ ਨਕਲ ਵੀ ਕਰੋ । ਜੇਕਰ ਤੁਹਾਡਾ ਬੱਚਾ ਕੁਝ ਵੱਡਾ ਹੈ ਤਾਂ ਉਸਨੂੰ ਵੀ ਕਹਾਣੀ ਦਾ ਹਿੱਸਾ ਬਣਾਉ।
- ਕਹਾਣੀ ਨੂੰ ਬਾਰ- ਬਾਰ ਦੁਹਰਾਉ । ਬੱਚੇ ਕਿਸੇ ਵੀ ਕਹਾਣੀ ਨੂੰ ਬਾਰ- ਬਾਰ ਸੁਣਨਾਂ ਪਸੰਦ ਕਰਦੇ ਹਨ । ਹੌਲੀ -ਹੌਲੀ ਇਹ ਕਹਾਣੀ ਦੇ ਸ਼ਬਦਾਂ ਨੂੰ ਯਾਦ ਕਰ ਲੈਂਦੇ ਹਨ ਤੇ ਫਿਰ ਉਨ੍ਹਾਂ ਨੂੰ ਲਿਖੇ ਹੋਏ ਸ਼ਬਦਾਂ ਨਾਲ ਮਿਲਾ ਕੇ ਵਾਕਾਂ ਦੇ ਅਰਥ ਸਮਝਣ ਲੱਗ ਜਾਂਦੇ ਹਨ।