ਬੋਲੀ ਤੇ ਭਾਸ਼ਾ ਦਾ ਵਿਕਾਸ

ਗੂੰਗੇ ਬੋਲੇ  ਬੱਚਿਆਂ ਦੀ  ਬੋਲੀ ਤੇ ਭਾਸ਼ਾ ਦਾ ਵਿਕਾਸ

ਸੁਣਨ ਵਾਲੇ ਬੱਚਿਆਂ ਦੀ ਤਰਾਂ ਗੂੰਗੇ ਬੋਲੇ ਬੱਚੇ ਵੀ ਘਰ ਦੇ ਮਹੌਲ  ਵਿੱਚ ਆਪਣੇ  ਮਾਪਿਆਂ ਤੇ ਭੈਣ ਭਰਾਵਾਂ ਵਿੱਚ  ਬੋਲੀ ਤੇ ਭਾਸ਼ਾ ਚੰਗੀ ਤਰਾਂ  ਸਿੱਖ  ਸਕਦੇ ਹਨ।  ਵੇਖਿਆ ਗਿਆ ਹੈ ਕਿ ਜਿੰਨ੍ਹਾ ਗੂੰਗੇ ਬੋਲੇ ਬੱਚਿਆਂ ਨੂੰ ਮਾਪਿਆਂ ਵੱਲੋ ਬੋਲੀ ਤੇ ਭਾਸ਼ਾ ਸਿੱਖਣ ਲਈ ਮਿਲਦੀ ਹੈ ਉਨ੍ਹਾਂ ਨੂੰ ਪੜ੍ਹਾਈ ਲਿਖਾਈ ਵਿੱਚ ਕੋਈ  ਮੁਸ਼ਕਲ  ਨਹੀਂ ਆਉਂਦੀ। ਇਹੀ ਕਾਰਨ ਹੈ ਕਿ ਗੂੰਗੇ ਬੋਲੇ ਮਾਪਿਆਂ ਦੇ ਗੂੰਗੇ ਬੋਲੇ ਬੱਚੇ ਸੁਣਨ ਵਾਲੇ ਮਾਪਿਆਂ ਦੇ ਗੂੰਗੇ ਬੋਲੇ ਬੱਚਿਆਂ ਤੋਂ ਬਹੁਤ ਅੱਗੇ ਨਿਕਲ ਜਾਂਦੇ ਹਨ।

ਇੱਕ ਤੋਂ ਚਾਰ ਸਾਲ ਦੀ ਉਮਰ ਦਾ ਸਮਾਂ ਜੋ ਕਿ ਬੱਚੇ ਜ਼ਿਆਦਾ ਘਰ ਵਿੱਚ ਹੀ ਬਿਤਾਉਂਦੇ ਹਨ, ਬੋਲੀ ਤੇ ਭਾਸ਼ਾ ਦੇ ਵਿਕਾਸ ਲਈ ਸਭ ਤੋਂ ਉਤਮ ਸਮਾਂ ਹੁੰਦਾ ਹੈ।   ਇਸ ਲਈ ਆਪਣੇ ਬੱਚੇ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਬਾਤਾਂ ਕਰੋ।

ਬੱਚੇ ਦੀਆਂ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦਿਉ:

ਤੁਹਾਡੀ ਮੁਸਕਰਾਹਟ, ਮੋਹ, ਪਿਆਰ ਭਰੀ ਨਿਗਾਹ ਉਸਨੂੰ ਇਹ ਵਿਸ਼ਵਾਸ਼ ਦਿੰਦੀ ਰਹੇਗੀ ਕਿ ਤੁਸੀ ਉਸਨੂੰ ਪਿਆਰ ਕਰਦੇ ਹੋ। ਇਸ ਦੀ ਇੰਨੀ ਹੀ ਜ਼ਰੂਰਤ ਹੈ ਜਿੰਨੀ ਕਿ ਬੱਚੇ ਨੂੰ ਚੰਗੀ ਖੁਰਾਕ ਦੀ ਜ਼ਰੂਰਤ ਹੈ।  ਬੱਚੇ ਦੀਆਂ ਜਿੰਨੀਆਂ ਵੀ ਇੰਦ੍ਰੀਆਂ ਨੂੰ ਤੁਸੀ ਉਤਸ਼ਾਹਿਤ ਕਰੋਗੇ, ਉਨ੍ਹਾਂ  ਹੀ ਚੰਗਾ ਹੈ। ਜਿਵੇ ਕੇ ਬੱਚੇ ਨੂੰ ਪਿਆਰ ਨਾਲ ਛੂਹਣਾ, ਆਪਣੇ ਮੂੰਹ ਨੂੰ ਬੱਚੇ ਦੇ ਚਿਹਰੇ ਅੱਗੇ ਲਿਜਾ ਕੇ ਤਰਾਂ-ਤਰਾਂ ਦੇ ਮੂੰਹ ਬਣਾਉਣੇ। ਭਾਵੇਂ ਬੱਚਾ ਸੁਣ ਨਹੀਂ ਸਕਦਾ ਫਿਰ ਵੀ ਉਸ ਨਾਲ ਗੱਲਾਂ ਕਰਨੀਆਂ ਜ਼ਰੂਰੀ ਹਨ।

ਛੋਟੇ ਬੱਚੇ ਆਪਣੀਆਂ ਜ਼ਰੂਰਤਾਂ ਨੂੰ ਬੋਲ ਕੇ ਨਹੀਂ ਦਸ ਸਕਦੇ, ਇਸ ਲਈ ਉੁਨ੍ਹਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਵੇਖੋ। ਕਈ ਵਾਰ ਅਸੀਂ ਇਹ ਨਹੀ ਸਮਝ ਸਕਦੇ ਕਿ ਬੱਚਾ ਕੀ ਚਾਹੁੰਦਾ ਹੈ ਪਰ ਜਦੋਂ ਅਸੀਂ ਬਾਰ-ਬਾਰ ਬੱਚੇ ਵੱਲ ਧਿਆਨ ਦਿੰਦੇ ਹਾਂ ਤਾਂ ਬੱਚੇ ਨੂੰ ਇਹ ਮਹਿਸੂਸ ਹੁੰਦਾ ਹੈ ਉਹ ਆਪਣੇ ਮਾਪਿਆਂ ਲਈ ਕਿੰਨਾਂ ਕੀਮਤੀ ਹੈ। ਜਦੋਂ ਬੱਚੇ ਨੂੰ ਪਿਆਰ ਤੇ ਨਿੱਘ ਮਿਲਦਾ ਹੈ ਤਾਂ ਉਸਦੀ ਭਾਸ਼ਾ ਤੇ ਬੋਲੀ ਦਾ ਵਿਕਾਸ ਸੁਖਾਲਾ ਹੋ ਜਾਂਦਾ ਹੈ।

ਇਕ ਛੋਟੇ ਜਿਹੇ ਗੂੰਗੇ ਬੋਲੇ ਬੱਚੇ ਦੀ ਮਾਂ ਜਦੋਂ ਵੀ ਆਪਣੇ ਬੱਚੇ ਕੋਲ ਜਾਂਦੀ ਹੈ ਤਾਂ ਹੌਲੀ ਜਿਹੀ ਉਸਦੀ ਗੱਲ੍ਹ ‘ਤੇ ਫੂਕ ਮਾਰੇ ਤਾਂ ਕਿ ਬੱਚੇ ਨੂੰ ਪਤਾ ਲਗ ਜਾਵੇ ਕਿ ਉਸਦੀ ਮਾਂ ਉਸਨੂੰ ਹਿੱਕ ਨਾਲ ਲਗਾ ਰਹੀ ਹੈ।

ਇੱਕ ਹੋਰ ਮਾਂ ਜਦੋਂ ਵੀ ਆਪਣੇ ਬੱਚੇ ਨੂੰ ਕੋਈ ਸੰਕੇਤ ਕਰਦੀ ਹੈ ਤਾਂ ਉਹੀ ਸੰਕੇਤ ਉਹ ਬੱਚੇ ਦੇ ਸਰੀਰ ‘ਤੇ ਵੀ ਵਾਹ ਦਿੰਦੀ। ਜਦੋਂ ਸੁਹਣੇ ਦਾ ਸੰਕੇਤ ਕਰਦੀ ਤਾਂ ਆਪਣੇ ਮੂੰਹ ਦੀ ਜਗ੍ਹਾ ਬੱਚੇ ਦੇ ਮੂੰਹ ਤੇ ਸੰਕੇਤ ਕਰਦੀ ਤੇ ਜਦੋਂ ਬੱਚਾ ਮੁਸਕਰਾਉਂਦਾ ਤਾਂ ਮਾਂ ਦੀ ਮੁਸਕਰਾਹਟ ਹੋਰ ਵੀ ਖਿਲ ਜਾਂਦੀ।

ਗੂੰਗੇ ਬੋਲੇ ਬੱਚਿਆਂ ਦੀਆਂ ਮਾਵਾਂ ਆਪਣੇ ਮੂੰਹ ਦੇ ਹਾਵ ਭਾਵਾਂ ਨੂੰ ਹੋਰ ਵੀ ਵਧਾ  ਚੜ੍ਹਾ ਕੇ ਦਰਸਾਉਦੀਆਂ ਹਨ ਜਿਸ ਨਾਲ ਬੱਚੇ ਨੁੰ ਇਹ ਵੀ ਪਤਾ ਲਗ ਜਾਂਦਾ ਹੈ ਕਿ ਉਸਨੇ ਆਪਣੀ ਮਾਂ ਦੇ ਮੂੰਹ ਵਲ ਵਿਸ਼ੇਸ਼ ਧਿਆਨ ਦੇਣਾ ਹੈ।

ਸੰਵੇਦਨਸ਼ੀਲ ਬਣੋ-  ਬੱਚੇ ਦੀਆਂ ਹਰਕਤਾਂ ਤੇ ਚੱਲੋ:

ਬੱਚਾ ਜਿਸ ਚੀਜ਼ ਵੱਲ ਵੇਖ ਰਿਹਾ ਹੈ ਉਸ ਵੱਲ ਧਿਆਨ ਦਿਉ ਤੇ ਉਸ ਚੀਜ਼ ਨੂੰ ਬੱਚੇ ਕੋਲ ਲੈ ਜਾਉ। ਬੱਚੇ ਦੀਆਂ ਲੱਤਾ, ਬਾਹਵਾਂ ਤੇ ਸਰੀਰ ਦੀਆਂ ਹਰਕਤਾਂ ਵੱਲ ਧਿਆਨ ਦਿਉ। ਇਸ ਤੋਂ ਵੀ ਸਾਨੂੰ ਪਤਾ ਲਗ ਸਕਦਾ ਹੈ ਕਿ ਬੱਚਾ ਕੀ ਚਾਹੁੰਦਾ ਹੈ। ਜੇ ਸਾਨੂੰ ਇਸਦਾ ਪਤਾ ਲਗ ਜਾਂਦਾ ਹੈ ਤਾਂ ਬੱਚੇ ਨਾਲ ਗੱਲ ਬਾਤ ਕਰਨੀਂ ਹੋਰ ਵੀ ਆਸਾਨ ਹੋ ਜਾਂਦੀ ਹੈ, ਪ੍ਰੰਤੂ  ਜੇਕਰ ਤੁਸੀਂ ਬੱਚੇ ਦਾ ਧਿਆਨ ਕਿਸੇ ਹੋਰ ਪਾਸੇ ਲਿਜਾਣਾ ਚਾਹੋਗੇ ਤਾਂ ਹੋ ਸਕਦਾ ਹੈ ਕਿ ਬੱਚੇ ਨੂੰ ਗੱਲ ਬਾਤ ਵਿੱਚ ਹੋਰ ਰੁੱਚੀ ਨਾਂ ਰਹੇ।

ਜਦੋਂ ਅਸੀਂ ਬੱਚੇ ਦੀ ਰੁਚੀ ਅਨੁਸਾਰ ਗੱਲਬਾਤ ਕਰਾਂਗੇ ਤਾਂ ਬੱਚੇ ਨੂੰ ਸੰਕੇਤਿਕ ਭਾਸ਼ਾਂ ਸਿੱਖਣ ਵਿੱਚ  ਅਸਾਨੀ ਹੋ ਜਾਂਦੀ ਹੈ।

ਜਿਵੇਂਕਿ ਬੱਚਾ ਦੁੱਧ ਦੀ ਬੋਤਲ ਵੱਲ ਵੇਖਦਾ ਹੈ ਤਾਂ ਮਾਂ ਦੁੱਧ ਦੀ ਬੋਤਲ ਦਾ ਸੰਕੇਤ ਕਰਦੀ ਹੈ ਤੇ ਬੋਤਲ ਨੂੰ ਬੱਚੇ ਕੋਲ ਲਿਆਂਉਂਦੀ ਹੈ। ਇਸ ਨਾਲ ਹੋਰ ਸੰਕੇਤ ਵੀ ਕੀਤੇ ਜਾਂ ਸਕਦੇ ਹਨ ਜਿਵੇਂਕਿ ‘ਦੁਧ ਪੀਣਾ ਹੈ’ ਜਾਂ  ‘ਹੋਰ ਦੁੱਧ‘ ਆਦਿ। ਦੁੱਧ ਜਾਂ ਬੋਤਲ ਤੋਂ ਬਿਨ੍ਹਾਂ ਕੋਈ ਹੋਰ ਵਿਸ਼ੇ ਤੇ ਗੱਲਬਾਤ ਕਰਨੀ ਠੀਕ ਨਹੀਂ।

ਬੱਚੇ ਇਸ ਵਿਧੀ ਰਾਂਹੀ ਜਲਦੀ ਸਿੱਖ ਜਾਂਦੇ ਹਨ ਕਿਉਂਕਿ ਬੱਚਾ ਪਹਿਲਾਂ ਹੀ ਦੁੱਧ ਦੀ ਬੋਤਲ ਬਾਰੇ ਸੋਚ ਰਿਹਾ ਹੁੰਦਾ ਹੈ ਤੇ ਦਿੱਤੇ ਹੋਏ ਸੰਕੇਤ ਨੂੰ ਦੁੱਧ ਦੀ ਬੋਤਲ ਨਾਲ ਜੋੜਨਾਂ ਅਸਾਨ ਹੈ। ਪਰ ਜੇ ਅਸੀ ਵਿਸ਼ੇ ਨੂੰ ਬਦਲ ਦਿੰਦੇ ਹਾਂ ਤਾਂ ਬੱਚੇ ਨੂੰ ਪਹਿਲਾਂ ਨਵੇਂ ਵਿਸ਼ੇ ਬਾਰੇ ਸੋਚਣਾ ਪਵੇਗਾ ਤੇ ਫਿਰ ਸੰਕੇਤ ਬਾਰੇ ਇਸ ਵਿੱਚ ਕਾਫੀ ਦੇਰ ਲਗ ਸਕਦੀ ਹੈ।

ਬੱਚੇ ਨਾਲ ਸਾਂਝ ਪਾਉਣ ਲਈ ਜ਼ਰੂਰੀ ਹੈ ਕਿ ਮਾਪੇ ਬੱਚੇ ਦੀਆਂ ਹਰਕਤਾਂ ਵੱਲ ਧਿਆਨ ਦੇਣ। ਜਦੋਂ ਵੀ ਬੱਚਾ ਹੱਥ ਪੈਰ ਮਾਰਦਾ ਹੈ ਤਾਂ ਮਾਪਿਆਂ ਨੂੰ ਬੱਚੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤਰਾਂ ਬੱਚੇ ਨੂੰ ਪਤਾ ਲਗ ਜਾਵੇਗਾ ਕਿ ਉਹ ਜਦੋਂ ਵੀ ਹੱਥ ਪੈਰ ਮਾਰੇਗਾ ਤਾਂ ਮਾਪੇ ਉਸ  ਕੋਲ  ਪਹੁੰਚ ਜਾਣਗੇ ਇਸ ਤਰਾਂ ਬੱਚੇ ਦਾ ਮਾਪਿਆਂ ਨਾਲ ਇੱਕ ਬੋਲ-ਚਾਲ ਦਾ ਰਸਤਾ ਖੁਲ੍ਹ ਜਾਵੇਗਾ।

ਬੱਚੇ ਖੇਡਦੇ-ਖੇਡਦੇ ਥੱਕ ਜਾਂਦੇ ਹਨ ਤੇ ਇਹਨਾਂ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਜਦੋਂ ਬੱਚਾ ਕਿਸੇ ਕੰਮ ਵਿੱਚ ਰੁਚੀ ਨਹੀਂ ਦਿਖਾਉਂਦਾ ਤਾਂ ਇੰਤਜ਼ਾਰ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਨੂੰ ਕੁਝ ਅਰਾਮ ਮਿਲ ਜਾਵੇ।

ਬੱਚੇ ਨੂੰ ਸੰਕੇਤ ਸਾਫ਼-ਸਾਫ਼ ਦਿਖਾਈ  ਦੇਣੇ ਚਾਹੀਦੇ ਹਨ।

ਬਹਤ ਛੋਟੇ ਬੱਚਿਆਂ ਲਈ ਸੰਕੇਤ ਇਸ ਤਰਾਂ ਕਰੋ ਕਿ ਉਹ ਤੁਹਾਡੇ ਹੱਥ ਵਿਚਲੀ ਚੀਜ਼ ਨੂੰ ਤੇ ਤੁਹਾਡੇ  ਸੰਕੇਤ ਨੂੰ ਵੇਖ ਸਕੇ।

ਹੱਥ ਵਿਚਲੀ ਚੀਜ਼ ਨੂੰ ਪਹਿਲਾਂ ਬੱਚੇ ਸਾਹਮਣੇ ਲਿਜਾਉ ਫਿਰ ਆਪਣੇ ਮੂੰਹ ਕੋਲੋ। ਜਦੋਂ ਬੱਚਾ ਤੁਹਾਡੇ ਚਿਹਰੇ ਨੂੰ ‘ਤੇ ਚੀਜ਼ ਨੂੰ ਵੇਖ ਸਕੇ, ਤਾਂ ਸੰਕੇਤ ਕਰੋ।

ਜਦੋਂ ਅਸੀਂ ਕਿਸੇ ਚੀਜ਼ ਬਾਰੇ ਸੰਕੇਤ ਕਰਦੇ ਹਾਂ ਤਾਂ ਉਸ ਚੀਜ਼ ਨੂੰ ਬਾਰ ਬਾਰ ਦਰਸਾਉ। ਇਸ ਲਈ ਤੁਹਾਨੂੰ ਬੱਚੇ ਦਾ ਧਿਆਨ ਆਪਣੇ ਵੱਲ ਕਰਨਾਂ ਪਵੇਗਾ। ਬੱਚੇ ਨੂੰ ਹਲਕੇ ਹੱਥ ਨਾਲ ਛੂਹੋ ਤਾਂ ਜੋ ਉਹ ਤੁਹਾਡੇ ਵੱਲ  ਵੇਖਣ ਲਗ ਪਵੇ। ਇਹ ਤੁਹਾਨੂੰ  ਬਹੁਤ ਵਾਰ ਕਰਨਾ ਪਵੇਗਾ ਜਿੰਨੀ ਦੇਰ ਬੱਚਾ ਇਹ ਨਹੀਂ ਸਮਝ ਲੈਂਦਾ  ਕਿ ਕੋਈ ਉਸ ਨੂੰ ਬੁਲਾ ਰਿਹਾ ਹੈ।

5-6 ਮਹੀਨੇ ਦੀ ਉਮਰ ਵਿੱਚ ਬੱਚੇ ਨੂੰ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵਿੱਚ ਰੁਚੀ ਹੋ ਜਾਂਦੀ ਹੈ। ਇਸ ਵਕਤ ਆਸ ਪਾਸ ਦੇ ਲੋਕਾਂ ਵਿੱਚ ਉਸਦੀ ਰੁਚੀ ਘੱਟ ਹੁੰਦੀ ਹੈ। ਇਸ ਕਾਰਨ ਬੱਚਿਆਂ ਦਾ ਧਿਆਨ ਆਪਣੇ ਵੱਲ ਕਰਨ ਲਈ ਕੁਝ ਸਮਾਂ ਲਗ ਸਕਦਾ ਹੈ।

ਬੱਚੇ ਦਾ ਧਿਆਨ ਆਪਣੇ ਵੱਲ ਕਰਨ ਲਈ ਉਸ ਜਗ੍ਹਾ ਦੇ ਨਜ਼ਦੀਕ ਸੰਕੇਤ ਕਰੋ ਜਿਥੇ ਬੱਚਾ ਵੇਖ ਰਿਹਾ ਹੈ। ਇਹ ਇੱਕ ਸਾਲ ਦੀ ਉਮਰ ਤੱਕ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਦ ਕੁਝ ਘਟ ਕੀਤਾ ਜਾ ਸਕਦਾ ਹੈ। ਕਈ ਵਾਰ ਜਦੋਂ ਮਾਂ ਕਿਸੇ ਚੀਜ਼ ਕੋਲ ਸੰਕੇਤ ਕਰਦੀ ਹੈ ਤਾਂ ਬੱਚਾ ਚੀਜ਼ ਦੀ ਜਗ੍ਹਾ ਆਪਣੀ ਮਾਂ ਵੱਲ ਦੇਖਣ ਲੱਗ ਜਾਂਦਾ ਹੈ। ਅਜਿਹੀ ਹਾਲਤ ਵਿੱਚ ਮਾਂ ਉਸ ਸੰਕੇਤ ਨੂੰ ਦੁਬਾਰਾ ਕਰਦੀ ਹੈ। ਇਸ ਤਰਾਂ ਬੱਚਾ 14-15 ਮਹੀਨੇ ਦੀ ਉਮਰ ਤੱਕ ਸੰਕੇਤ ਤੇ ਚੀਜ਼ ਦੇ ਸਬੰਧ ਨੂੰ ਸਮਝਣ ਲੱਗ ਜਾਂਦਾ ਹੈ।

ਇੱਕ ਹੋਰ ਵਿਧੀ ਰਾਹੀਂ ਮਾਂ ਕਿਸੇ ਚੀਜ਼ ਨੂੰ ਬੱਚੇ ਦੇ ਮੂੰਹ ਤੱਕ ਲੈ ਜਾਂਦੀ ਹੈ ਤੇ ਜਦੋਂ ਬੱਚਾ ਚੀਜ਼ ਵੱਲ ਦੇਖਣ ਲੱਗ ਜਾਂਦਾ ਹੈ ਤਾਂ ਉਹ ਚੀਜ਼ ਨੂੰ ਆਪਣੇ ਮੂੰਹ ਕੋਲ ਲੈ ਜਾਂਦੀ ਹੈ। ਜਦੋਂ ਬੱਚਾ ਚੀਜ਼ ਤੇ ਆਪਣੀ ਮਾਂ ਦਾ ਮੂੰਹ ਦੇਖ ਸਕਦਾ ਹੈ ਤਾਂ ਮਾਂ ਉਸ ਚੀਜ਼ ਦਾ ਸੰਕੇਤ ਕਰਦੀ ਹੈ, ਇਸ ਤਰਾਂ ਵੀ ਬੱਚਾ ਚੀਜ਼ ਤੇ ਸੰਕੇਤ ਦੇ ਸਬੰਧ ਨੂੰ ਸਮਝਣ ਲੱਗ ਜਾਂਦਾ ਹੈ।

ਕਈ ਮਾਵਾਂ ਬੱਚੇ ਨੂੰ ਸਮਝਾਉਣ ਲਈ ਚੀਜ਼ ਨੂੰ ਬਾਰ-ਬਾਰ ਥਾਪੜਦੀਆਂ ਹਨ। ਇਸ ਨਾਲ ਵੀ ਬੱਚੇ ਦਾ ਧਿਆਨ ਚੀਜ਼ ਵੱਲ ਕੇਂਦਰਿਤ ਹੋ ਜਾਂਦਾ ਹੈ। ਬੱਚੇ ਦੇ ਸਰੀਰ ਨੂੰ ਸਪਰਸ਼ ਕਰਨ ਨਾਲ ਵੀ ਉਸ ਦਾ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ । ਪਰ ਇਹ ਆਪਣੇ ਆਪ ਨਹੀਂ ਹੋ ਜਾਂਦਾ ਤੇ ਕਈ ਵਾਰ ਮਾਂ ਚੀਜ਼ ਨੂੰ ਪਹਿਲਾਂ ਬੱਚੇ ਦੇ ਚਿਹਰੇ ਕੋਲ ਲੈ ਜਾਂਦੀ ਹੈ ਫਿਰ ਆਪਣੇ ਚਿਹਰੇ ਕੋਲ ਇਸ ਦੇ ਨਾਲ ਹੀ ਉਹ ਬੱਚੇ ਨੂੰ ਸਪਰਸ਼ ਕਰਦੀ ਹੈ। ਇਸ ਤਰਾਂ ਹੌਲੀ ਹੌਲੀ ਬੱਚਾ ਸਪਰਸ਼ ਕਰਨ ਤੇ ਮਾਂ ਵੱਲ ਧਿਆਨ ਦੇਣਾਂ ਸ਼ੁਰੂ ਕਰ ਦਿੰਦਾ ਹੈ । ਕੋਈ 18 ਮਹੀਨੇ  ਦੀ ਉਮਰ ਤੱਕ ਬੱਚਾ ਇਹ ਸਿੱਖ ਜਾਂਦਾ ਹੈ । ਇਸ ਵਿੱਚ ਵੀ ਜੇ ਕਰ ਕੋਈੇ ਬੱਚਾ ਧਿਆਨ ਨਹੀਂ  ਦਿੰਦਾ ਤਾਂ ਉਸ ਲਈ ਕੋਈ ਹੋਰ ਵਿਧੀ ਦੀ ਜ਼ਰੂਰਤ ਹੋ ਸਕਦੀ ਹੈ।

ਸੰਕੇਤ ਕਰਨ ਲਈ ਉਸ ਵਕਤ ਦਾ ਇੰਤਜ਼ਾਰ ਕਰਨਾਂ ਜਦੋਂ ਬੱਚਾ ਤੁਹਾਡੇ ਵੱਲ ਵੇਖਣਾ ਸ਼ੁਰੂ ਕਰੇਗਾ, ਵੀ ਫਾਇਦੇਮੰਦ ਹੈ। ਜੇਕਰ ਮਾਂ ਇਸ ਸਮੇਂ ਕੋਈ ਦਿਲਚਸਪ ਸੰਕੇਤ ਕਰਦੀ ਹੈ ਤਾਂ ਬੱਚਾ ਮਾਂ ਵੱਲ ਵੇਖਣ ਲਈ ਉਤਸਕ ਹੋ ਜਾਂਦਾ ਹੈ।

ਸੁਣਨ ਵਾਲੇ ਬੱਚੇ ਜਨਮ ਤੋਂ ਥੋੜੀ ਦੇਰ ਬਾਦ ਹੀ ਆਵਾਜ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਉਨ੍ਹਾ ਦੇ ਸਿਰ ਦੀ ਹਰਕਤ ਕਾਫ਼ੀ ਸ਼ੁਰੂ ਹੋ ਜਾਂਦੀ ਹੈ। ਪਰ ਗੂੰਗੇ ਬੋਲੇ ਬੱਚਿਆਂ ਵਿੱਚ ਅਜੇਹਾ ਨਹੀਂ ਹੂੰਦਾ।ਇਸ ਲਈ ਉਪਰ ਲਿਖੇ ਸੁਝਾਵਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਤਾਂ ਕਿ ਬੱਚੇ ਆਪਣੇ ਆਲੇ-ਦੁਆਲੇ ਵਿੱਚ ਰੁਚੀ ਪੈਦਾ ਕਰ ਸਕਣ । ਵੇਖਿਆ ਗਿਆ ਹੈ ਕਿ ਕੋਈ ਇੱਕ ਸਾਲ ਦੀ ਉਮਰ ਤੱਕ ਗੂੰਗੇ ਬੋਲੇ ਬੱਚੇ ਵੀ ਸੁਣਨ ਵਾਲੇ ਬੱਚਿਆਂ ਦੀ ਤਰਾਂ ਗਰਦਨ ਘੁਮ੍ਹਾ ਕੇ ਆਲੇ- ਦੁਆਲੇ ਵੇਖਣਾ ਸ਼ੁਰੂ ਕਰ ਦਿੰਦੇ ਹਨ।

ਆਪਣੀਆਂ ਗੱਲਾਂ-ਬਾਤਾਂ ਨੂੰ ਵਧਾਓ:

ਜਦੋਂ ਬੱਚਾ ਇੱਕ ਸੰਕੇਤ ਨੂੰ ਚੰਗੀ ਤਰਾਂ ਸਮਝ ਲੈਂਦਾ ਹੈ ਤਾਂ ਇਸ ਨੂੰ ਵਾਕਾਂ ਵਿੱਚ ਵਰਤਿਆ ਜਾ ਸਕਦਾ ਹੈ। ਜਿਵੇਂ ਕਿ ‘ਦੁੱਧ ‘ ਦੇ ਸੰਕੇਤ ਤੋਂ ਬਾਦ ‘ਦੁੱਧ ਹੋਰ‘ ਜਾਂ ‘ਦੁੱਧ ਖਤਮ ‘ ਦਾ ਸੰਕੇਤ ਕੀਤਾ ਜਾ ਸਕਦਾ ਹੈ। ਇਸ ਵਿਚ ਜਲਦੀ ਨਹੀਂ ਕਰਨੀ ਚਾਹੀਦੀ। ਬੱਚੇ ਦੀ ਸ਼ਬਦਾਵਲੀ ਦਾ ਵਿਕਾਸ ਹੌਲੀ- ਹੌਲੀ ਹੋਣਾ ਚਾਹੀਦਾ ਹੈ।

ਸੁਣਨ ਵਾਲੇ ਬੱਚਿਆਂ ਨਾਲ ਮਾਪੇ ਗੱਲਾਂ ਕਰਨੀਆ ਸ਼ੁਰੂ ਕਰ ਦਿੰਦੇ ਹਨ ਜਦੋਂ ਕਿ ਉਹ 9 ਕੁ ਮਹੀਨੇ ਦੇ ਹੁੰਦੇ ਹਨ ਤੇ ਜਿਵੇਂ – ਜਿਵੇਂ ਬੱਚੇ ਬੋਲਣ ਲੱਗ ਜਾਂਦੇ ਹਨ ਮਾਪੇ ਨਵੇਂ -ਨਵੇਂ ਸ਼ਬਦ ਉਨ੍ਹਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰਾਂ ਗੂੰਗੇ ਬੋਲੇ ਬੱਚੇ ਜਦੋਂ ਇੱਕ ਸਾਲ ਦੇ ਲਗਭਗ ਹੋ ਜਾਂਦੇ ਹਨ ਤਾਂ ਇੱਕ ਜਾਂ ਦੋ ਸੰਕੇਤ ਇਕੱਠੇ ਕਰਨ ਲੱਗ ਜਾਂਦੇ ਹਨ।

ਵਾਕਾਂ ਨੂੰ ਬਾਰ-ਬਾਰ ਦੁਹਰਾਉਣਾ ਚਾਹੀਦਾ ਹੈ ਤੇ ਜ਼ਰੂਰੀ ਸ਼ਬਦਾਂ ਨੂੰ ਦਰਸਾਉਣਾ ਚਾਹੀਦਾ ਹੈ। ਇਹ ਵੀ ਧਿਆਨ ਵਿੱਚ ਰੱਖੋ ਕਿ ਬੱਚੇ ਨੂੰ ਬਹੁਤ ਜ਼ਿਆਦਾ ਸ਼ਬਦ ਜਾਂ ਵਾਕ ਸਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਿਸ ਨਾਲ ਉਸਦੇ ਮਨ ਵਿੱਚ ਬੇਚੈਨੀ ਪੈਦਾ ਹੋ ਜਾਵੇ । ਬੱਚੇ ਦੀ ਦਿਲਚਸਪੀ ਨੂੰ ਵੇਖ ਕੇ ਹੀ ਵਾਕਾਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਨੂੰ ਨਵੇਂ ਨਵੇਂ ਸ਼ਬਦਾਂ ਜਾਂ ਵਾਕਾਂ ਨੂੰ ਸਿੱਖਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ।

ਸੰਕੇਤ ਕਰਦੇ ਸਮੇਂ ਸ਼ਬਦਾਂ ਨੂੰ ਸ਼ਬਦ ਜੋੜ ਰਾਹੀਂ ਵੀ ਸਮਝਾਇਆ ਜਾ ਸਕਦਾ ਹੈ। ਭਾਵੇਂ ਬੱਚੇ ਇਸ ਸਮੇਂ ਵਰਣਮਾਲਾ ਨਹੀਂ ਜਾਣਦੇ ਫਿਰ ਵੀ ਇਹ ਵੇਖਿਆ ਗਿਆ ਹੈ ਕਿ ਬੱਚਿਆ ਨੂੰ ਹੌਲੀ- ਹੌਲੀ ਸ਼ਬਦਾਂ ਦੇ ਨਾਲ ਹੀ ਵਰਣਮਾਲਾ ਦਾ ਗਿਆਨ ਵੀ ਹੋ ਜਾਂਦਾ ਹੈ।

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।