ਬੋਲ਼ੇ ਬੱਚਿਆਂ ਦਾ ਵਿਕਾਸ

ਗੂੰਗੇ ਤੇ ਬੋਲੇ ਬੱਚਿਆਂ ਵਿੱਚ ਅਜਿਹੇ ਬੱਚੇ ਬਹੁਤ ਘੱਟ ਹਨ ਜੋ ਕਿ ਉੱਚੀ ਸਿਖਿਆ ਪ੍ਰਾਪਤ ਕਰਦੇ ਹਨ। ਬਹੁਤ ਸਾਰੇ ਬੱਚਿਆਂ ਦੀ ਵਿਦਿਆ ਅੱਠਵੀਂ ਜਾਂ ਦੱਸਵੀਂ ਸ਼੍ਰੇਣੀ ਤੱਕ ਪਹੁੰਚ ਕੇ ਖਤਮ ਹੋ ਜਾਂਦੀ ਹੈ। ਇਸ ਵਿਦਿਆ ਤੋ ਬਾਦ ਵੀ ਉਨ੍ਹਾਂ ਦੀ ਪੜ੍ਹਨ, ਲਿਖਣ ਤੇ ਸਮਝਣ ਦੀ ਸ਼ਕਤੀ ਦਾ ਵਿਕਾਸ ਬਹੁਤ ਹੀ ਘੱਟ ਹੁੰਦਾ ਹੈ। ਬਹੁਤ ਸਾਰੇ ਅਜਿਹੇ ਵਿਦਿਆਰਥੀ ਨਾਂ ਤਾਂ ਅਖਬਾਰ ਪੜ੍ਹ ਸਕਦੇ ਹਨ, ਨਾਂ ਕੋਈ ਮੈਗਜ਼ੀਨ। ਇਕ ਸਧਾਰਣ ਦਰਖਾਸਤ ਵੀ ਉਹ ਨਹੀਂ ਲਿਖ  ਸਕਦੇ। 10-12 ਸਾਲ ਸਕੂਲ ਵਿੱਚ ਬਿਤਾਉਣ ਤੋਂ ਬਾਦ ਵੀ ਜੇਕਰ ਉਨ੍ਹਾਂ ਦੀ ਅਜਿਹੀ ਹਾਲਤ ਹੈ ਤਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਗੂੰਗੇ ਤੇ ਬੋਲੇ ਬੱਚਿਆਂ ਦੀ ਸਿਖਿਆ ਪ੍ਰਣਾਲੀ ਵੱਲ ਧਿਆਨ ਦੇਈਏ।

ਇਸ ਔਕੜ ਦਾ ਸਭ ਤੋ ਵੱਡਾ ਕਾਰਨ ਹੈ ਬੱਚੇ ਨੂੰ ਘੋਟਾ ਲਗਾਉਣ ਦੀ ਆਦਤ ਪਾਉਣੀ। ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕ ਸੰਕੇਤਕ ਭਾਸ਼ਾ ਨਹੀਂ ਜਾਣਦੇ ਜਿਸ ਕਾਰਨ ਉਹ ਗੂੰਗੇ ਤੇ ਬੋਲੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਦੇ ਤੇ ਨਾਂ ਹੀ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਵਿਸਤਾਰ ਨਾਲ ਸਮਝਾ ਸਕਦੇ ਹਨ। ਉਹ ਬਲੈਕ ਬੋਰਡ ਤੇ ਲਿਖ ਦਿੰਦੇ ਹਨ ਤੇ ਬੱਚਿਆ ਨੂੰ ਨਕਲ ਵਾਸਤੇ ਕਹਿ ਦਿੰਦੇ ਹਨ। ਬੱਚੇ ਭਾਵੇਂ ਲਿਖਤ ਰੂਪ ਵਿੱਚ ਬਹੁਤ ਕੁਝ ਕਰ ਲੈਣ  ਪਰ ਬਹੁਤ ਸਾਰੇ ਸ਼ਬਦਾਂ ਦੇ ਅਰਥ ਉਨ੍ਹਾਂ ਦੀ ਸਮਝ ਤੋਂ ਬਾਹਰ ਹੁੰਦੇ ਹਨ । ਜਿਵੇਂ ਹੀ ਇਮਤਿਹਾਨ ਖਤਮ ਹੁੰਦਾ ਹੈ ਕੁਝ ਦਿਨ ਬਾਦ ਹੀ ਉਹ ਸਭ ਕੁਝ ਭੁੱਲ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਖਿਆ ਪ੍ਰਣਾਲੀ ਨੂੰ ਇਸ ਤਰਾਂ ਵਿਉਂਤੀਏ ਕਿ ਉਹ ਹਰ ਇਕ ਸ਼ਬਦ ਨੂੰ ਸਮਝਣ ਤੇ ਯਾਦ ਰੱਖਣ।

ਅਸੀਂ ਬਹੁਤ ਸਾਰੇ ਸ਼ਬਦ ਦਿਨ ਵਿੱਚ ਸੈਂਕੜੇ ਬਾਰ ਦੁਹਰਾਉਂਦੇ ਹਾਂ ਜਿਸ ਨਾਲ ਉਹ ਸਾਡੀ ਲੰਬੀ ਯਾਦ ਸ਼ਕਤੀ (Long Term Memory) ਦਾ ਹਿੱਸਾ ਬਣ ਜਾਂਦੇ ਹਨ। ਪਰ ਗੂੰਗੇ ਤੇ ਬੋਲੇ ਬੱਚਿਆਂ ਵਿਚ ਅਜਿਹਾ ਨਹੀ ਹੁੰਦਾ ਕਿਉਂਕਿ ਉਹ ਸ਼ਬਦਾਂ ਨੂੰ ਦਿਨ ਵਿੱਚ ਥੋੜਾ ਹੀ ਵਰਤਦੇ ਹਨ। ਅਸੀਂ ਜਾਣਦੇ ਹਾਂ ਕਿ ਕੋਈ ਵੀ ਨਵੀਂ ਜਾਣਕਾਰੀ ਜਾਂ ਸ਼ਬਦ ਪਹਿਲਾਂ ਸਾਡੀ ਨੇੜਲੀ ਯਾਦ ਸ਼ਕਤੀ (Short Term Memory) ਵਿਚ ਰਹਿੰਦਾ ਹੈ ਪਰ ਉਸਨੂੰ ਬਾਰ-ਬਾਰ ਵਰਤਣ ਤੇ ਉਹ ਸਾਡੀ ਲੰਬੀ ਯਾਦ ਸ਼ਕਤੀ ਵਿੱਚ ਚਲਿਆ ਜਾਂਦਾ ਹੈ ਤੇ ਫਿਰ ਸਾਨੂੰ ਕਦੇ ਨਹੀਂ ਭੁਲਦਾ। ਗੂੰਗੇ ਤੇ ਬੋਲੇ ਬੱਚਿਆਂ ਦੀ ਸ਼ਬਦਾਵਲੀ ਦਾ ਵਿਸਤਾਰ ਸੁਣ ਕੇ ਵੀ ਨਹੀਂ ਹੁੰਦਾ ਇਸ ਕਾਰਨ ਉਨ੍ਹਾਂ ਨੂੰ ਇੱਕ ਸ਼ਬਦ ਸਿੱਖਣ ਲਈ ਕਈ ਦਿਨ ਵੀ ਲੱਗ ਸਕਦੇ ਹਨ।

ਸਾਡੀ ਸਾਰੀ ਪੜ੍ਹਾਈ ਸੁਣਨ ਵਾਲੇ ਬੱਚਿਆ ਦੀਆ ਜ਼ਰੂਰਤਾਂ ਨੂੰ ਹੀ ਵੇਖਦੇ ਹੋਏ ਹੀ ਵਿਉਂਤੀ ਜਾਣੀ ਚਾਹੀਦੀ ਹੈ। ਗੂੰਗੇ ਤੇ ਬੋਲੇ ਬੱਚਿਆ ਦੀ ਪੜ੍ਹਾਈ ਬਾਰੇ ਵਿਸਤਾਰ ਵਿਚ ਜਾਣਕਾਰੀ (Curriculum) ਲਿਖਤ ਰੂਪ ਵਿੱਚ ਹਰ ਇਕ ਸਕੂਲ ਵਿੱਚ ਹੋਣੀ ਚਾਹੀਦੀ ਹੈ। ਪੰਜਾਬੀ ਸੰਕੇਤਕ ਭਾਸ਼ਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੋ ਗੂੰਗੇ ਤੇ ਬੋਲੇ ਬੱਚੇ ਬੁੱਲਾਂ ਦੀਆ ਹਰਕਤਾਂ ਤੋ ਕਾਫੀ ਸ਼ਬਦ ਬੋਲਣ ਲੱਗ ਜਾਂਦੇ ਹਨ ਉਨ੍ਹਾਂ ਦੀ ਭਾਸ਼ਾ ਦਾ ਵਿਸਤਾਰ ਸੰਕੇਤਕ ਭਾਸ਼ਾ ਰਾਹੀਂ ਜਲਦੀ ਹੋ ਸਕਦਾ ਹੈ। ਛੋਟੇ ਬੱਚੇ ਵੀ ਬੋਲਣਾ ਸਿੱਖਣ ਤੋ ਪਹਿਲਾਂ ਸੰਕੇਤਾਂ ਨੂੰ ਹੀ ਸਮਝਦੇ ਹਨ। ਇਸ ਲਈ ਵੀ ਸੰਕੇਤਿਕ ਭਾਸ਼ਾ ਜਰੂਰੀ ਹੋ ਜਾਂਦੀ ਹੈ। ਇੱਕ ਖੋਜ ਅਨੁਸਾਰ ਜਿਨ੍ਹਾਂ ਬੱਚਿਆਂ ਨੂੰ ਬੋਲਣ ਵਿੱਚ ਕੋਈ ਔਕੜ ਆਉਂਦੀ ਹੈ ਤਾਂ ਸੰਕੇਤਿਕ ਭਾਸ਼ਾ ਦੀ ਮਦਦ ਨਾਲ ਉਨ੍ਹਾਂ ਦੀ ਬੋਲੀ ਦਾ ਵਿਕਾਸ ਵੀ ਜਲਦੀ ਹੋ ਜਾਂਦਾ ਹੈ। ਬਚਪਨ ਤੋਂ ਹੀ ਹਰ ਇੱਕ ਬੱਚੇ ਨੂੰ ਇੱਕ ਭਾਸ਼ਾ ਦੀ ਲੋੜ ਹੈ ਜਿਸ ਦਾ ਉਸਦੇ ਆਸ ਪਾਸ ਦੇ ਵਾਤਾਵਰਣ ਨਾਲ ਡੂੰਘਾ ਸਬੰਧ ਹੋਵੇ। ਗੁੰਗੇ ਤੇ ਬੋਲੇ ਬੱਚਿਆ ਲਈ ਇਹ ਸੰਕੇਤਿਕ ਭਾਸ਼ਾ ਹੀ ਹੋ ਸਕਦੀ ਹੈ।

ਪੰਜਾਬੀ ਸੰਕੇਤਿਕ ਭਾਸ਼ਾ ਅੱਜ ਪਹਿਲੀ ਵਾਰ ਲਿਖਤੀ ਰੂਪ ਵਿੱਚ ਉਭਰੀ ਹੈ ਤੇ ਹੋਰ ਭਾਸ਼ਾਵਾਂ ਵਾਂਗ ਹੀ ਅਸੀਂ ਜਿੰਨ੍ਹਾ ਇਸ ਨੂੰ ਵਰਤਾਂਗੇ ਉਨ੍ਹਾਂ ਹੀ ਇਸ ਦਾ ਵਿਕਾਸ ਹੋਵੇਗਾ । ਅਮਰੀਕਨ ਸੰਕੇਤਕ ਭਾਸ਼ਾ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਤੀਸਰੇ ਨੰਬਰ ਤੇ ਹੈ। ਅੱਜ ਸਵੀਡਨ ਤੇ ਡੈਨਮਾਰਕ ਵਿੱਚ ਗੂੰਗੇ ਤੇ ਬੋਲੇ ਅਤੇ ਸੁਣਨ ਵਾਲੇ ਬੱਚੇ ਇੱਕਠੇ ਹੀ ਗਰੈਜੂਏਸ਼ਨ ਕਰ ਰਹੇ ਹਨ ਇਸ ਦਾ ਵੱਡਾ ਕਾਰਨ ਹੈ ਗੂੰਗੇ ਤੇ ਬੋਲੇ ਬੱਚਿਆਂ ਲਈ ਦੋ ਭਾਸ਼ਾਵਾਂ, ਇਕ ਸੰਕੇਤਕ ਭਾਸ਼ਾ ਤੇ ਦੂਸਰੀ ਉਨ੍ਹਾਂ ਦੇ ਦੇਸ਼ ਦੀ ਭਾਸ਼ਾ।

ਪੰਜਾਬੀ ਸੰਕੇਤਕ ਭਾਸ਼ਾ ਨੇ ਬਹੁਤ ਅੱਗੇ ਵਧਣਾ ਹੈ। ਹਰ ਖੇਤਰ ਲਈ ਸੰਕੇਤਕ ਭਾਸ਼ਾ ਦੀ ਲੋੜ ਹੈ ਇਸ ਵਾਸਤੇ ਸਾਰੇ ਅਧਿਆਪਕਾਂ, ਮਾਪਿਆਂ ਤੇ ਸਿਖਿਆ ਪ੍ਰਣਾਲੀ ਦੇ ਮਾਹਿਰਾਂ ਦੇ ਸਹਿਯੋਗ ਦੀ ਲੋੜ ਹੈ। ਇਸ ਭਾਸ਼ਾ ਦੀ ਵਰਤੋਂ ਸਭ ਤੋਂ ਪਹਿਲਾਂ ਮਾਪੇ ਕਰਨਗੇ ਤਾਂ ਕਿ ਬੱਚਾ ਜਦੋਂ ਸਕੂਲ ਪਹੁੰਚੇ ਤਾਂ ਉਹ 250-300 ਸ਼ਬਦ ਸੰਕੇਤ ਕਰਨਾਂ ਜ਼ਰੂਰ ਸਿੱਖੇ। ਇਸ ਨਾਲ ਉਸਦੀ ਭਾਸ਼ਾ ਤੇ ਬੋਲੀ ਦੇ ਵਿਕਾਸ ਵਿੱਚ ਚੰਗੀ ਗਤੀ ਆ ਜਾਵੇਗੀ। ਯਾਦ ਰਹੇ ਕਿ ਜਿਸ ਗਤੀ ਨਾਲ ਬੱਚੇ ਦਾ 4-5 ਸਾਲ ਦੀ ਉਮਰ ਵਿਚ ਵਿਕਾਸ ਹੋ ਸਕਦਾ ਹੈ ਉਹ ਵਡੇਰੀ ਉਮਰ ਵਿਚ ਨਹੀ ਹੋ ਸਕਦਾ। ਜੇ ਕਰ ਅੱਜ ਅਮਰੀਕਾ ਵਿਚ 10 ਮਹੀਨੇ ਦਾ ਬੱਚਾ ਸੰਕੇਤ ਰਾਂਹੀ ਦੁੱਧ ਦੀ ਬੋਤਲ ਮੰਗ ਸਕਦਾ ਹੈ ਤਾਂ ਇਹ ਯੋਗਤਾ ਸਾਰੇ ਬੱਚਿਆਂ ਤੱਕ ਪਹੁੰਚਣੀ ਚਾਹੀਦੀ ਹੈ।

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।