ਕਿਵੇਂ ਸ਼ੂਰੁਆਤ ਕਰੀਏ ?

ਗੂੰਗੇ ਬੋਲੇ ਬੱਚਿਆਂ ਦੀ ਪੜ੍ਹਾਈ: ਕਿਵੇ ਸ਼ੁਰੂ ਕਰੀਏ?

ਅੱਜ-ਕੱਲ੍ਹ ਗੂੰਗੇ ਬੋਲੇ ਬੱਚਿਆਂ ਅੱਗੇ ਪੜ੍ਹਨ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਇਹ ਬੱਚੇ ਵੀ ਸੁਣਨ ਵਾਲਿਆਂ ਬੱਚਿਆਂ ਦੀ ਤਰ੍ਹਾਂ ਵੱਖ -ਵੱਖ ਮਾਹੌਲ ਤੇ ਪਰਿਸਥਿਤੀਆਂ ਵਿਚੋਂ ਆਉਂਦੇ ਹਨ ਤੇ ਇੰਨ੍ਹਾਂ ਬੱਚਿਆਂ ਦੀਆਂ ਮਾਨਸਿਕ, ਭਾਵਨਾਤਮਕ ਤੇ ਅਕਾਦਮਿਕ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ। ਬਹੁਤ ਸਾਰੇ ਗੂੰਗੇ ਬੋਲੇ ਬੱਚੇ ਜਦੋਂ ਸਕੂਲ ਵਿਚ ਆਉਂਦੇ ਹਨ ਤਾਂ ਉਨ੍ਹਾ ਕੋਲ ਨਾਂ ਤਾਂ ਕੋਈ ਸੰਕੇਤਿਕ ਭਾਸ਼ਾ ਦਾ ਗਿਆਨ ਹੁੰਦਾ ਹੈ ਤਾਂ ਨਾਂ ਹੀ ਕੋਈ ਹੋਰ ਭਾਸ਼ਾ। ਕਈ ਬੱਚੇ ਤਾਂ ਆਪਣੇ ਆਪ ਨੂੰ ਆਲੇ- ਦੁਆਲੇ ਨਾਲ ਜੋੜਨ ਤੋਂ ਵੀ ਅਸਮਰਥ ਹੁੰਦੇ ਹਨ। ਇਸ ਵਾਸਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ:

  1.     ਬੱਚਾ ਸਕੂਲ ਤੇ ਕਲਾਸ ਦੇ ਵਾਤਾਵਰਣ ਵਿਚ ਘੁਲ-ਮਿਲ ਜਾਵੇ।
  2.     ਕਲਾਸ ਦੇ ਵਾਤਾਵਰਣ ਵਿਚ ਬੱਚਾ ਆਪਣੇ-ਆਪ ਕੁਝ ਸਿੱਖਣ ਲਈ ਉਤਸਕ ਹੋਵੇ।
  3.     ਬੱਚਾ ਨਵੀਆਂ ਚੀਜ਼ਾਂ ਸਿੱਖਣ ਲਈ ਵੀ ਰੁਚੀ ਦਿਖਾਵੇ।

ਬਹੁਤ ਘਟ ਬੱਚੇ ਅਜਿਹੇ ਮਾਹੌਲ ਵਿਚੋਂ ਆਉਂਦੇ ਹਨ ਜਿਥੇ ਹੋਰ ਗੂੰਗੇ ਬੋਲੇ ਲੋਕ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਣ। ਇਸ ਲਈ ਸਕੂਲ ਦੇ ਵੱਡੇ ਗੂੰਗੇ ਬੋਲੇ ਬੱਚੇ ਨਵੇਂ ਬੱਚਿਆਂ ਦੀ ਬਹੁਤ ਮਦਦ ਕਰ ਸਕਦੇ ਹਨ। ਇਸਤਰ੍ਹਾਂ ਉਨ੍ਹਾਂ ਦਾ ਆਪਸੀ ਮੇਲਜੋਲ ਵੀ ਵਧ ਜਾਂਦਾ ਹੈ। ਕੁਝ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ਦੇ ਮਹੌਲ ਨੂੰ ਅਪਨਾਉਣ ਵਿੱਚ ਬਹੁਤ ਔਕੜਾਂ ਆਉਂਦੀਆਂ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ :

ਜ਼ਰੂਰਤ ਤੋਂ ਜਿਆਦਾ ਮੋਹ – ਕਈ ਵਾਰ ਮਾਪੇ ਫਿਕਰਮੰਦ ਹੋ ਕੇ ਕਿ ਸਾਡੇ ਗੂੰਗੇ ਬੋਲੇ ਦਾ ਜ਼ਿੰਦਗੀ ਵਿਚ ਕੀ ਬਣੇਗਾ ਇਸ ਲਈ ਉਸ ਨੂੰ ਵੱਧ ਤੋਂ ਵੱਧ ਪਿਆਰ ਦੇਣ ਦੀ ਕੋਸ਼ਿਸ ਕਰਦੇ ਹਨ। ਕਈ ਮਾਵਾਂ ਤਾਂ ਆਪਣੇ ਬੱਚੇ ਨੂੰ ਆਪਣੀਆਂ ਅੱਖਾਂ ਤੋਂ ਉਹਲੇ ਨਹੀਂ ਹੋਣ ਦਿੰਦੀਆਂ।ਅਜਿਹੇ ਬੱਚਿਆਂ ਨੂੰ ਸਕੂਲ ਵਿਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਜੇਕਰ ਬੱਚੇ ਨੂੰ ਹੋਸਟਲ ਵਿਚ ਰਹਿਣਾ ਪੈ ਜਾਵੇ ਤਾਂ ਇਹ ਅੋਕੜਾਂ ਹੋਰ ਵੀ ਵਧ ਜਾਂਦੀਆਂ ਹਨ । ਜਿਥੇ ਬੱਚੇ ਨੂੰ ਭਰਪੂਰ ਪਿਆਰ ਦੀ ਜ਼ਰੂਰਤ ਹੈ ਉਥੇ ਇਹ ਵੀ ਸੋਚਣਾ ਜ਼ਰੂਰੀ ਹੈ ਕਿ ਬੱਚੇ ਨੇਂ ਕਿਵੇਂ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਹੈ।

ਇਹ ਵੀ ਵੇਖਿਆ ਗਿਆ ਹੈ ਕਿ ਬੱਚਾ ਆਪਣੇ ਅਧਿਆਪਕ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਇਸ ਲਈ ਕਿਸੇ ਦੂਸਰੇ ਆਧਿਆਪਕਾਂ ਦੀ ਮਦਦ ਵੀ ਲੈਣੀ ਪੈ ਸਕਦੀ ਹੈ। ਬੱਚਾ ਕਿਸੇ ਵੀ ਇੱਕ ਅਧਿਆਪਕ ਨਾਲ ਖਾਸ ਕਰਕੇ ਵਡੇਰੀ ਉਮਰ ਦੇ ਅਧਿਆਪਕ ਨਾਲ ਰਹਿਣਾ ਪਸੰਦ ਕਰ ਸਕਦਾ ਹੈ। ਇਸ ਦਾ ਕਾਰਨ ਘਰ ਵਿੱਚ ਕੋਈ ਬਜ਼ੁਰਗ ਦਾ ਬੱਚੇ ਨਾਲ ਪਿਆਰ ਹੋਣਾ ਹੋ ਸਕਦਾ ਹੈ। ਇਹ ਅਧਿਆਪਕ ਬੱਚੇ ਨੂੰ ਨਾਲ ਰੱਖ ਕੇ ਉਸਨੂੰ ਸਕੂਲ ਤੇ ਕਲਾਸ ਦੇ ਮਹੌਲ ਨੂੰ ਅਪਣਾਉਣ ਵਿੱਚ ਮਦਦ ਕਰ ਸਕਦਾ ਹੈ।

ਕਈ ਵਾਰ ਬੱਚੇ ਆਪਣੇ ਬੈਗ ਜਾਂ ਹੋਰ ਕੋਈ ਵੀ ਚੀਜ਼ ਨੂੰ ਨਹੀਂ ਛੱਡਦੇ ਤੇ ਹਮੇਸ਼ਾ ਆਪਣੇ ਹੱਥਾਂ ਵਿੱਚ ਹੀ ਰੱਖਦੇ ਹਨ।

ਕਈ ਵਾਰ ਤਾਂ ਕਈ ਮਹੀਨੇ ਲੱਗ ਜਾਂਦੇ ਹਨ ਜਦੋਂ ਕਿ ਬੱਚੇ ਨੂੰ ਆਪਣੇ ਆਲੇ ਦੁਆਲੇ ਵਿਚ ਇੰਨਾ ਵਿਸ਼ਵਾਸ ਹੋ ਜਾਵੇ ਕਿ ਉਹ ਚੀਜ਼ਾ ਨੂੰ ਆਪਣੇ ਤੋਂ ਅਲੱਗ ਹੋਣ ਦੇਣ।

ਗੱਲਬਾਤ ਕਰਨਾਂ – ਕੁਝ ਬੱਚੇ ਕਲਾਸ ਵਿਚ ਬੈਠ ਤਾਂ ਜਾਂਦੇ ਹਨ ਪਰ ਆਪਣੇ ਆਲੇ-ਦੁਆਲੇ ਵਿਚ ਕੋਈ ਰੁਚੀ ਨਹੀ ਲੈਂਦੇ। ਇਸ ਦਾ ਬੱਚੇ ਦਾ ਸ਼ਰਮਾਕਲ ਹੋਣਾ ਵੀ ਹੋ ਸਕਦਾ ਹੈ ਪਰ ਗੂੰਗੇ ਬੋਲੇ ਬੱਚਿਆਂ ਦਾ ਉਦਾਸ ਰਹਿਣਾ ਕੋਈ ਵੱਡੀ ਗੱਲ ਨਹੀਂ ਹੈ। 90% ਬੱਚੇ ਸੁਣਨ ਵਾਲਿਆ ਮਾਪਿਆਂ ਦੇ ਘਰ ਹੀ ਪੈਦਾ ਹੁੰਦੇ ਹਨ। ਸੰਕੇਤਿਕ ਭਾਸ਼ਾ ਦੀ ਜਾਣਕਾਰੀ ਨਾਂ ਹੋਣ ਕਾਰਨ ਮਾਪੇ ਆਪਣੇ ਗੂੰਗੇ ਬੋਲੇ ਬੱਚਿਆਂ ਨਾਲ ਆਪਣੀਆ ਭਾਵਨਾਵਾਂ ਸਾਂਝੀਆਂ ਨਹੀ ਕਰ ਸਕਦੇ ਤੇ ਨਾਂ ਹੀ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਨ। ਅਜਿਹੇ ਬੱਚਿਆਂ ਵਲ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਤਜ਼ਰਬੇਕਾਰ ਅਧਿਆਪਕ ਇਸ ਵਿਚ ਮਦਦ ਕਰ ਸਕਦੇ ਹਨ।

ਬੱਚੇ ਦੀ ਸ਼ਬਦਾਵਲੀ ਦਾ ਵਿਸਤਾਰ – ਅਸੀਂ ਬੱਚੇ ਦੀ ਪੜ੍ਹਾਈ ਜੋ ਉਹ ਜਾਣਦਾ ਹੈ ਉਸ ਤੋਂ ਹੀ ਅੱਗੇ ਵਧਾਉਣੀ ਹੈ। ਇਹ ਪੜ੍ਹਾਈ ਪ੍ਰੀਵਾਰ ਬਾਰੇ ਜਾਣਕਾਰੀ ਤੋਂ ਸ਼ੁਰੂ ਹੋ ਕੇ ਆਪਣੇ ਆਲੇ- ਦੁਆਲੇ ਨੂੰ ਸ਼ਾਮਲ ਕਰ ਲੈਂਦੀ ਹੈ। ਬੱਚਾ ਇੱਕ ਚੀਜ਼ ਨੂੰ ਦੂਸਰੀ ਚੀਜ਼ ਨਾਲ ਜੋੜਦਾ ਹੋਇਆ ਅੱਗੇ ਵਧਣ ਲੱਗ ਜਾਂਦਾ ਹੈ। ਪਹਿਲੇ 15 ਦਿਨ ਵਿਚ 20-30 ਸ਼ਬਦਾਂ ਦੇ ਸੰਕੇਤ ਸਿੱਖਣਾ ਇੱਕ ਸਧਾਰਨ ਜਿਹੀ ਗੱਲ ਹੋ ਜਾਂਦੀ ਹੈ।

ਸਾਨੂੰ ਹਰ ਇੱਕ ਬੱਚੇ ਦੀ ਲੋੜ ਵੱਲ ਵੇਖਣ ਦੀ ਜ਼ਰੂਰਤ ਹੈ। ਇੰਨ੍ਹਾ ਲੋੜਾਂ ਨੂੰ ਪੂਰਾ ਕਰਨ ਲਈ ਕਈ ਵਾਰ ਮਾਹਿਰਾਂ ਦੀ ਮਦਦ ਵੀ ਲੈਣੀ ਪੈ ਸਕਦੀ ਹੈ। ਬੱਚੇ ਦੀ ਸਿਖਿਆ ਇਕ ਨਿਯਮਤ ਰੂਪ ਨਾਲ ਹੋਣੀ ਚਾਹੀਦੀ ਹੈ ਜਿਸ ਰਾਹੀਂ ਉਹ ਆਪਣੇ ਆਲੇ ਦੁਆਲੇ ਨੂੰ ਸਮਝ ਸਕੇ ਤੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕੇ।

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।