ਗੂੰਗੇ ਤੇ ਬੋਲੇ ਬੱਚੇ ਪੜ੍ਹਨਾਂ ਕਿਵੇਂ ਸਿਖਦੇ ਹਨ ?
ਮਾਪਿਆਂ ਦੇ ਕੁਝ ਵਿਚਾਰ:
- ਮੇਰੀ ਬੇਟੀ ਪੂਰੇ ਵਾਕ ਨੂੰ ਪੜ੍ਹਦੀ ਹੈ । ਜੇਕਰ ਕੋਈ ਸ਼ਬਦ ਨਹੀਂ ਆਉਂਦਾ ਤਾਂ ਉਹ ਉਸ ਨੂੰ ਛੱਡ ਕੇ ਪੂਰੇ ਵਾਕ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੀ ਹੈ ।
- ਸਾਡੇ ਬੇਟੇ ਨੂੰ ਜੋ ਚੰਗਾ ਲੱਗਦਾ ਹੈ ਉਹ ਹੀ ਉਸਨੂੰ ਪੜ੍ਹਨ ਲਈ ਲੈ ਕੇ ਦਿੰਦੇ ਹਾਂ ।
- ਪਹਿਲਾਂ ਪਹਿਲਾਂ ਸਾਨੂੰ ਬਹੁਤ ਮੁਸ਼ਕਲ ਆਈ ਕਿਉਂਕਿ ਸਾਡੀ ਬੇਟੀ ਦੀ ਸ਼ਬਦਾਵਲੀ ਦਾ ਵਿਸਥਾਰ ਨਹੀਂ ਹੋਇਆ ਸੀ । ਅਸੀ ਪਹਿਲਾਂ ਦੋ-ਦੋ ਸ਼ਬਦਾਂ ਦੇ ਵਾਕ ਬਣਾਏ ਤੇ ਫਿਰ ਤਿੰਨ-ਤਿੰਨ ਸ਼ਬਦਾਂ ਦੇ । ਅਤੇ ਇਸਤਰਾਂ ਹੌਲੀ ਹੌਲੀ ਉਸਦੀ ਸ਼ਬਦਾਵਲੀ ਦਾ ਵਿਕਾਸ ਹੋਇਆ ਹੈ । ਹੁਣ ਸਾਡੀ ਬੇਟੀ ਬੱਚਿਆਂ ਦੇ ਮੈਗਜ਼ੀਨ ਪੜ੍ਹਨ ਵਿੱਚ ਬਹੁਤ ਰੁਚੀ ਰੱਖਦੀ ਹੈ।
- ਅਸੀ ਘਰ ਵਿੱਚ ਬਹੁਤ ਸਾਰੀਆਂ ਚੀਜ਼ਾ ਤੇ ਨਾਂ ਲਿਖ ਕੇ ਲਗਾ ਦਿੱਤੇ । ਇਸ ਨਾਲ ਵੀ ਬੱਚੇ ਨੂੰ ਨਵੇਂ ਸ਼ਬਦ ਸਿੱਖਣ ਵਿੱਚ ਕੋਈ ਮੁਸ਼ਕਲ ਨਹੀਂ ਆਈ ।
- ਅਸੀ ਖੇਡਾਂ ਰਾਹੀਂ ਬੱਚੇ ਨੂੰ ਕਈ ਨਵੇਂ ਸ਼ਬਦ ਸਿਖਾਏ ।
- ਤਸਵੀਰਾਂ ਵਾਲੀਆਂ ਕਿਤਾਬਾਂ ਨਾਲ ਬੱਚੇ ਨੂੰ ਸਮਝਣ ਵਿਚ ਕਾਫੀ ਮਦਦ ਮਿਲਦੀ ਹੈ ।
- ਮੇਰੀ ਬੇਟੀ ਕਿਤਾਬ ਨੂੰ ਸੰਕੇਤਾਂ ਰਾਹੀਂ ਮੈਨੂੰ ਸੁਣਾਉਂਦੀ ਹੈ ।
- ਅਸੀ ਸਾਰੇ ਹੀ ਕਿਤਾਬਾਂ ਪੜ੍ਹਨ ਵਿੱਚ ਰੁਚੀ ਰੱਖਦੇ ਹਾਂ ਇਸ ਲਈ ਸਾਡੇ ਗੂੰਗੇ ਬੱਚੇ ਨੂੰ ਵੀ ਪੜ੍ਹਨਾ ਸਿੱਖਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਹੋਈ ।
- ਸਾਡੇ ਬੱਚੇ ਨੂੰ ਬੋਲਣ ਵਿਚ ਬਹੁਤ ਮੁਸ਼ਕਲ ਆ ਰਹੀ ਸੀ ਪਰ ਉਸਨੇ ਪੜ੍ਹਨਾਂ ਕਾਫੀ ਜਲਦੀ ਸਿੱਖ ਲਿਆ ।
- ਸਾਡਾ ਬੱਚਾ ਗੂੰਗਾ ਤੇ ਬੋਲਾ ਹੈ ।ਸਾਨੂੰ ਪਤਾ ਹੈ ਕਿ ਉਸਨੇ ਸਭ ਕੁਝ ਵੇਖ ਕੇ ਹੀ ਸਿੱਖਣਾ ਹੈ । ਉਸਨੇ ਸੰਕੇਤਿਕ ਭਾਸ਼ਾ ਤਾਂ ਇੱਕ ਸਾਲ ਦੀ ਉਮਰ ਤੋਂ ਹੀ ਸਿੱਖਣੀ ਸ਼ੁਰੂ ਕਰ ਦਿਤੀ ਸੀ ਤੇ ਤਿੰਨ ਸਾਲ ਦੀ ਉਮਰ ਤੱਕ ਉਹ 200-250 ਸ਼ਬਦ ਸਿੱਖ ਚੁੱਕਾ ਸੀ । ਇਸ ਲਈ ਉਸਨੇ ਪੜ੍ਹਨਾਂ ਵੀ ਜਲਦੀ ਸ਼ੁਰੂ ਕਰ ਦਿੱਤਾ।
- ਮੇਰੀ ਬੇਟੀ 23 ਸਾਲ ਦੀ ਹੈ । ਉਸਦੀ ਸ਼ਬਦਾਵਲੀ ਦਾ ਵਿਸਤਾਰ ਅਜੇ ਵੀ ਹੌਲੀ-ਹੌਲੀ ਹੋ ਰਿਹਾ ਹੈ ।