ਗੂੰਗੇ ਤੇ ਬੋਲੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਬਹੁਤ ਸਹਿਨਸ਼ੀਲਤਾ ਦੀ ਲੋੜ ਹੈ। ਇਨ੍ਹਾਂ ਬੱਚਿਆਂ ਦੇ ਸੋਚਣ ਤੇ ਸਮਝਣ ਦਾ ਤਰੀਕਾ ਕੁਝ ਅਲੱਗ ਹੀ ਹੁੰਦਾ ਹੈ ਜਿਸ ਕਾਰਨ ਪੜ੍ਹਾਈ ਲਈ ਇਕ ਵਿਸ਼ੇਸ਼ ਵਿਉਂਤ ਦੀ ਲੋੜ ਹੈ। ਜਿਵੇਂ ਕਿ: –
ਪਿਆਰ ਜਤਾਉ- ਤੁਹਾਡੇ ਚਿਹਰੇ ਤੇ ਹਾਵ- ਭਾਵ, ਪਿਆਰ ਨਾਲ ਬੋਲਣਾਂ ਤੇ ਵੇਖਣਾ, ਗਲਵਕੜੀ ਵਿੱਚ ਲੈਣਾ ਸਾਰੇ ਹੀ ਤੁਹਾਡੇ ਪਿਆਰ ਦੀਆ ਨਿਸ਼ਾਨੀਆਂ ਹਨ । ਪਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਕਿਸੇ ਬੱਚੇ ਨੂੰ ਪਿਆਰ ਕਰਦੇ ਹੋ ਤਾਂ ਬੱਚਾ ਵੀ ਤੁਹਾਨੂੰ ਖੁਸ਼ ਕਰਨ ਲਈ ਹਰਕਤਾਂ ਕਰਦਾ ਹੈ । ਇਹ ਹਰਕਤਾਂ ਬੱਚੇ ਦੇ ਵਿਕਾਸ ਲਈ ਠੀਕ ਹੋਣੀਆਂ ਚਾਹੀਦੀਆਂ ਹਨ। ਵੱਡੇ ਬੱਚੇ, ਜਿੰਨ੍ਹਾ ਨੂੰ ਅਸੀਂ ਸਰੀਰਕ ਨੇੜਤਾ ਜਾਂ ਸਪਰਸ਼ ਰਾਹੀਂ ਪਿਆਰ ਨਹੀ ਜਤਾ ਸਕਦੇ, ਨਾਲ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਹਨ । ਉਨ੍ਹਾਂ ਇਕੱਲਿਆਂ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ।
ਸੁਰੱਖਿਅਤ ਵਾਤਾਵਰਣ – ਬੱਚੇ ਸੁਰੱਖਿਅਤ ਵਾਤਾਵਰਣ ਵਿੱਚ ਵਧਦੇ-ਫੁਲਦੇ ਹਨ। ਕੋਈ ਵੀ ਕੰਮ ਜਾਂ ਗਤੀਵਿਧੀ ਜੇਕਰ ਯੋਜਨਾ ਅਨੁਸਾਰ ਕੀਤੀ ਜਾਵੇ ਤਾਂ ਬੱਚਿਆਂ ਨੂੰ ਚੰਗੀ ਲੱਗਦੀ ਹੈ ਤੇ ਉਹਨਾਂ ਦਾ ਵਿਸ਼ਵਾਸ ਅਧਿਆਪਕ ਤੇ ਮਾਪਿਆਂ ਉਪਰ ਹੋਰ ਵੀ ਵਧ ਜਾਂਦਾ ਹੈ।
ਬੋਲਚਾਲ ਵਿੱਚ ਸਰਲਤਾ – ਤੁਹਾਡੇ ਬੋਲ ਚਾਲ, ਭਾਵ ਤੇ ਸਰੀਰਕ ਬੋਲੀ ਵਿੱਚ ਸਰਲਤਾ ਹੋਣੀ ਚਾਹੀਦੀ ਹੈ । ਇਹ ਬਹੁਤ ਜ਼ਰੂਰੀ ਹੈ ਕਿ ਬੱਚਾ ਤੁਹਾਡੇ ਬੋਲਾਂ ਨੂੰ ਪੂਰੀ ਤਰਾਂ ਨਾਲ ਸਮਝ ਸਕੇ। ਇਸ ਲਈ ਉਸ ਨੂੰ ਕਹੇ ਗਏ ਬੋਲਾਂ ਨੂੰ ਦਹਰਾਉਣ ਵਾਸਤੇ ਕਹੋ । ਕਈ ਵਾਰ ਬੱਚੇ ਹਾਂ ਵਿੱਚ ਸਿਰ ਹਿਲਾ ਦਿੰਦੇ ਹਨ ਜਦੋਂ ਕਿ ਕਹੀ ਹੋਈ ਗਲ ਉਨ੍ਹਾਂ ਨੂੰ ਪੂਰੀ ਤਰਾਂ ਨਾਲ ਸਮਝ ਵਿੱਚ ਨਹੀਂ ਆਉਂਦੀ।
ਦੁਰਵਿਵਹਾਰ ਨੂੰ ਪਛਾਣੋ – ਬੱਚੇ ਦੀਆ ਹਰਕਤਾਂ ਧਿਆਨ ਨਾਲ ਵੇਖਣ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਬੱਚਾ ਦੁਰਵਿਵਹਾਰ ਕਿਉਂ ਕਰਦਾ ਹੈ ਤੇ ਉਹ ਇਸ ਵਿਵਹਾਰ ਰਾਹੀਂ ਕੀ ਪ੍ਰਗਟ ਕਰਨ ਦਾ ਯਤਨ ਕਰਦਾ ਹੈ । ਜਿਵੇਂ ਕਿ ਹੋ ਸਕਦਾ ਹੈ ਕਿ ਬੱਚਾ ਭੁੱਖਾ ਹੋਵੇ ਤੇ ਆਪਣੇ ਵੱਲ ਧਿਆਨ ਦੇਣ ਲਈ ਇਹ ਹਰਕਤਾਂ ਕਰਦਾ ਹੋਵੇ ਜਾਂ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਅਸਮਰਥ ਹੋਵੇ।
ਬੱਚੇ ਦੀ ਸਰਾਹਨਾ ਕਰੋ – ਅਸੀ ਬਹੁਤ ਸਾਰੇ ਬੱਚਿਆਂ ਦੀਆ ਚੰਗੀਆਂ ਹਰਕਤਾਂ ਨੂੰ ਸਰਾਹੁਣ ਤੋਂ ਭੁੱਲ ਜਾਂਦੇ ਹਾਂ ਅਤੇ ਉਸਦੀਆਂ ਗਲਤ ਹਰਕਤਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਇਹ ਠੀਕ ਨਹੀਂ ਹੈ। ਬੱਚਾ ਜੋ ਵੀ ਚੰਗਾ ਕੰਮ ਜਾਂ ਹਰਕਤ ਕਰਦਾ ਹੈ ਉਸਦੀ ਸਰਾਹਨਾ ਕਰੋ । ਜੇਕਰ ਬੱਚਾ ਕੋਈ ਕੰਮ ਧਿਆਨ ਤੇ ਸਫਾਈ ਨਾਲ ਕਰਦਾ ਹੈ ਤਾਂ ਜ਼ਰੂਰ ਕਹੋ ”ਤੇਰਾ ਇਹ ਕੰਮ ਬਹੁਤ ਸਾਫ ਹੈ ਤੇ ਮੈਨੂੰ ਬਹੁਤ ਚੰਗਾ ਲੱਗਾ ਹੈ।”
ਖੇਡਾਂ – ਬੱਚੇ ਉਹ ਖੇਡਾਂ ਪਸੰਦ ਕਰਦੇ ਹਨ ਜਿੰਨਾ ਵਿੱਚ ਉਹਨਾ ਨੂੰ ਤੋੜਨ ਜੋੜਨ ਲਈ ਕੁਝ ਮਿਲੇ; ਜਿਥੇ ਉਹ ਉਛਲ- ਕੁੱਦ ਕਰ ਸਕਣ। ਇਹ ਕੁਦਰਤੀ ਹੈ । ਜੇ ਕਰ ਅਸੀਂ ਬੱਚੇ ਨੂੰ ਇਹ ਖੇਡਣ ਦੇ ਸਕਦੇ ਹਾਂ ਤਾਂ ਉਹਨਾਂ ਦੇ ਦੁਰਵਿਹਾਰ ਵਿਚ ਬਹੁਤ ਕਮੀ ਆ ਸਕਦੀ ਹੈ। ਇਹ ਖੇਡਾਂ ਵਿੱਚ ਬੱਚੇ ਕੀ ਕਰ ਸਕਦੇ ਹਨ ਤੇ ਕੀ ਨਹੀਂ ਕਰ ਸਕਦੇ ਇਹ ਦਸਣਾ ਬਹੁਤ ਜ਼ਰੂਰੀ ਹੈ।
ਹੱਦ ਬੰਦੀ – ਕੋਈ ਵੀ ਬੱਚਾ ਅਜਿਹੇ ਵਾਤਾਵਰਨ ਵਿੱਚ ਰਹਿਣਾ ਪਸੰਦ ਨਹੀ ਕਰੇਗਾ ਜਿਸ ਵਿੱਚ ਬਹੁਤ ਸਾਰੇ ਕਾਇਦੇ ਕਨੂੰਨ ਹੋਣ ਤੇ ਜਿਨ੍ਹਾਂ ਦੀ ਪਾਲਣਾ ਮੁਸ਼ਕਲ ਹੋ ਜਾਵੇ । ਛੋਟੇ ਬੱਚੇ ਬਹੁਤ ਘੱਟ ਪਾਬੰਦੀਆ ਨੂੰ ਯਾਦ ਰੱਖ ਸਕਦੇ ਹਨ। ਲੜਾਈ ਨਹੀਂ ਕਰਨੀ ਯਾਦ ਰਹਿ ਸਕਦਾ ਹੈ ਤੇ ਵੱਡੇ ਹੋ ਕਿ ਇਸਦਾ ਦਾਇਰਾ ਦੋਸਤਾਂ, ਮਿੱਤਰਾਂ, ਕਲਾਸ, ਸਕੂਲ, ਤੇ ਸਮਾਜ ਵਿਚ ਵਧਦਾ ਜਾਂਦਾ ਹੈ । ਜੇਕਰ ਬੱਚਾ ਕਿਸੇ ਵੀ ਕਾਨੂੰਨ ਦੀ ਹੱਦ ਬੰਦੀ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਇਸ ਬਾਰੇ ਦੱਸਣਾ ਜਾਂ ਠੀਕ ਕਰਨ ਲਈ ਬੱਚੇ ਦੀਆਂ ਸਹੂਲਤਾਂ ਵਿੱਚ ਵੀ ਕਮੀਂ ਕੀਤੀ ਜਾ ਸਕਦੀ ਹੈ।
ਗੁੱਸਾ ਤੇ ਨਰਾਜ਼ਗੀ – ਗੂੰਗੇ ਤੇ ਬੋਲੇ ਬੱਚੇ ਦੀਆਂ ਭਾਵਨਾਵਾਂ ਨੂੰ ਅਸੀਂ ਹਰ ਸਮੇਂ ਸਮਝ ਨਹੀਂ ਸਕਦੇ । ਇਸ ਕਾਰਨ ਉਨ੍ਹਾਂ ਵਿਚ ਗੁੱਸਾ ਅਤੇ ਨਰਾਜ਼ਗੀ ਸੁਭਾਵਕ ਹੈ । ਇਸ ਗੁੱਸੇ ਨੂੰ ਜਲਦੀ ਤੋਂ ਜਲਦੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅਜਿਹੇ ਸੁਝਾਅ ਦੇਣੇ ਚਾਹੀਦੇ ਹਨ ਕਿ ਉਨ੍ਹਾਂ ਦਾ ਗੁੱਸਾ ਘਟ ਹੋ ਜਾਵੇ ਨਾ ਕਿ ਹੋਰ ਵਧੇ ।
ਕਠਿਨਾਈਆਂ ਬਾਰੇ ਜਾਣਕਾਰੀ – ਕਠਿਨਾਈਆਂ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹਨ । ਇਨ੍ਹਾਂ ਕਠਿਨਾਈਆਂ ਦਾ ਹੱਲ ਠੀਕ ਵੀ ਹੋ ਸਕਦਾ ਹੈ ਤੇ ਗਲਤ ਵੀ । ਬੱਚੇ ਨੂੰ ਇਹ ਦਸਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਫੈਸਲਾ ਕਿਸ ਕਾਰਨ ਕਰਕੇ ਹੋਇਆ ਹੈ । ਕਿਹੜੇ ਤੱਥ ਜ਼ਰੂਰੀ ਹਨ ਤੇ ਕਿੰਨ੍ਹਾ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਅਤੇ ਇਹ ਵੱਡੇ ਬੱਚਿਆਂ ਲਈ ਹੈ । ਛੋਟਿਆਂ ਬੱਚਿਆਂ ਨੂੰ ਇਹ ਦੱਸ ਦੇਣਾ ਕਿ ਅੱਗੇ ਤੋਂ ਸਾਨੂੰ ਕੀ ਕਰਨਾ ਚਾਹੀਦਾ ਹੈ, ਹੀ ਕਾਫੀ ਹੈ।
ਸਜ਼ਾ – ਕਈ ਵਾਰ ਬਾਰ- ਬਾਰ ਸਜ਼ਾ ਦੇਣ ਨਾਲ ਬੱਚੇ ਦੇ ਦੁਰਵਿਵਹਾਰ ਵਿਚ ਕੋਈ ਫਰਕ ਨਹੀਂ ਆਉਂਦਾ ਅਜਿਹੇ ਮੋਕਿਆ ਤੇ ਸਜ਼ਾ ਵਿਚ ਤਬਦੀਲੀ ਲਿਆਂਉਣੀ ਜਾਂ ਬੱਚੇ ਨਾਲ ਗੱਲ ਬਾਤ ਕਰਨੀ ਜ਼ਰੂਰੀ ਹੈ।
ਮਾਹਿਰਾਂ ਦੀ ਮਦਦ – ਕਈ ਵਾਰ ਬੱਚਿਆ ਦਾ ਦੁਰਵਿਹਾਰ ਬਹੁਤ ਵਧ ਜਾਂਦਾ ਹੈ ਤੇ ਵਿਸ਼ੇਸ਼ਗ ਦੀ ਮਦਦ ਜ਼ਰੂਰੀ ਹੋ ਜਾਂਦੀ ਹੈ । ਇਸ ਵਿਚ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ।
ਸਹਿਣਸ਼ੀਲਤਾ – ਬੱਚਿਆਂ ਕੋਲੋਂ ਦੁਰਵਿਵਹਾਰ ਕਦੇ ਨਾ ਕਦੇ ਜ਼ਰੂਰ ਹੋ ਜਾਦਾ ਹੈ।ਅਸੀਂ ਸਾਰੇ ਹੀ ਆਪਣੀਆਂ ਗਲਤੀਆਂ ਤੋ ਸਿਖਦੇ ਰਹਿੰਦੇ ਹਾਂ ਤੇ ਜੇ ਕਰ ਬੱਚੇ ਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਤਾਂ ਬੱਚੇ ਦਾ ਵਿਕਾਸ ਠੀਕ ਅਤੇ ਜਲਦੀ ਹੋ ਜਾਂਦਾ ਹੈ। ਬੱਚੇ ਦੇ ਦੁਰਵਿਹਾਰ ਨੂੰ ਸਹਿਣਸ਼ੀਲਤਾ ਨਾਲ ਦੇਖਣ ਦੀ ਜ਼ਰੂਰਤ ਹੈ।