ਜਦੋਂ ਕੋਈ ਵੀ ਬੱਚਾ ਜਨਮ ਲੈਂਦਾ ਹੈ ਤਾਂ ਸਾਡੀਆਂ ਆਸਾਂ ਉਮੀਦਾਂ ਅਸਮਾਨ ਤੱਕ ਪਹੁੰਚ ਜਾਂਦੀਆਂ ਹਨ ਕਿ ਸਾਡਾ ਬੱਚਾ ਵੱਡਾ ਹੋ ਕੇ ਕੀ-ਕੀ ਕੰਮ ਕਰੇਗਾ, ਪਰ ਸਾਡੀਆਂ ਸਾਰੀਆਂ ਉਮੀਦਾਂ ਉਸ ਵੇਲੇ ਚਕਨਾਂ- ਚੂਰ ਹੋ ਜਾਂਦੀਆਂ ਹਨ ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਡਾ ਬੱਚਾ ਸੁਣਨ ਤੋਂ ਅਸਮਰੱਥ ਹੈ। ਇਸ ਨਿਰਾਸ਼ਾ ਦੇ ਨਾਲ- ਨਾਲ ਕਈ ਪਰਿਵਾਰ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੱਚੇ ਪ੍ਰਤੀ ਹੋਰ ਜ਼ਿਆਦਾ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਜਾਣਨਾ ਚਾਹੁੰਦੇ ਹਨ ਕਿ ਆਪਣੇ ਅਜਿਹੇ ਬੱਚੇ ਲਈ ਉਹ ਕੀ ਕਰ ਸਕਦੇ ਹਨ ?
ਇਹ ਕਿਤਾਬ ਤੁਹਾਡੇ ਕੁੱਝ ਸਵਾਲਾਂ ਦੇ ਜਵਾਬ ਵਿਚ ਬਣਾਈ ਗਈ ਹੈ। ਜਿਵੇਂ-ਜਿਵੇਂ ਇਹ ਬੱਚੇ ਵੱਡੇ ਹੋਣਗੇ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਗੇ ਤਾਂ ਨਵੇਂ-ਨਵੇਂ ਸਵਾਲ ਉਠਣਗੇ । ਅਸੀਂ ਸਾਰਿਆਂ ਨੇ ਇਹਨਾਂ ਸਵਾਲਾਂ ਦੇ ਉੱਤਰ ਲੱਭਣੇ ਹਨ । ਇਸ ਲਈ ਤੁਸੀਂ ਆਪਣੇ ਸਵਾਲ ਤੇ ਸੁਝਾਅ ਜ਼ਰੂਰ ਪਿੰਗਲਵਾੜਾ ਨੂੰ ਭੇਜੋ।
ਭਗਤ ਪੂਰਨ ਸਿੰਘ ਜੀ ਕਿਹਾ ਕਰਦੇ ਸਨ ਕਿ ਸਾਨੂੰ ਹਰ ਔਕੜ ਦੇ ਮੂਲ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਔਕੜ ਨੂੰ ਜੜ੍ਹ ਤੋਂ ਹੀ ਕੱਢ ਦੇਈਏ । ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਗੂੰਗੇ ਬੱਚੇ ਘੱਟ ਤੋ ਘੱਟ ਪੈਦਾ ਹੋਣ ਤੇ ਜੋ ਕੁਦਰਤ ਦੀ ਦੇਣ ਹਨ ਉਨ੍ਹਾਂ ਨੂੰ ਵੀ ਚੰਗੀ ਤੋ ਚੰਗੀ ਸਿੱਖਿਆ ਦੇ ਕੇ ਇੱਕ ਚੰਗੇ ਨਾਗਰਿਕ ਬਣਾਈਏ । ਇਨ੍ਹਾਂ ਉਪਰਾਲਿਆਂ ਰਾਹੀ ਅਸੀਂ ਪੈਦਾਇਸ਼ੀ ਗੂੰਗੇ ਬੱਚਿਆਂ ਦੀ ਜ਼ਿੰਦਗੀ ਵਿਚ ਬਹੁਤ ਸੁਧਾਰ ਲਿਆ ਸਕਦੇ ਹਾਂ।
ਮਾਪੇ ਆਪਣੇ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ ਤੇ ਉਨ੍ਹਾਂ ਦੀ ਇਹ ਭੂਮਿਕਾ ਬੱਚਿਆਂ ਦੇ ਭਵਿੱਖ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਕਿਤਾਬ ਰਾਹੀਂ ਮਾਪੇ ਆਪਣੇ ਬੱਚੇ ਦੀ ਮੁੱਢਲੀ ਸਿੱਖਿਆ ਆਸਾਨੀ ਨਾਲ ਪੂਰੀ ਕਰ ਸਕਣਗੇ । ਜਿੰਨ੍ਹਾਂ ਬੱਚਿਆਂ ਦਾ ਬੋਲਾਪਣ ਬਹੁਤ ਜ਼ਿਆਦਾ ਹੈ, ਉਨ੍ਹਾਂ ਲਈ ਸੰਕੇਤਿਕ ਭਾਸ਼ਾ ਜ਼ਰੂਰੀ ਹੋ ਜਾਂਦੀ ਹੈ । ਇਸ ਲਈ ਮਾਪਿਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਵੀ ਸੰਕੇਤਿਕ ਭਾਸ਼ਾ ਸਿੱਖਣ ਜਿਸ ਨਾਲ ਉਹ ਆਪਣੇ ਬੱਚੇ ਨਾਲ ਅਸਾਨੀ ਨਾਲ ਗੱਲਾਂ ਕਰ ਸਕਣ । ਅੱਜ ਵਿਕਸਤ ਦੇਸ਼ਾਂ ਵਿੱਚ ਗੂੰਗੇ ਅਤੇ ਬੋਲੇ ਬੱਚਿਆਂ ਵਿੱਚ ਅਤੇ ਸੁਣਨ ਵਾਲੇ ਬੱਚਿਆਂ ਦੀ ਪੜ੍ਹਾਈ ਵਿੱਚ ਜ਼ਿਆਦਾ ਅੰਤਰ ਨਹੀ ਹੈ ਪਰ ਭਾਰਤ ਵਿੱਚ ਕੇਵਲ 10% ਬੱਚੇ ਹੀ ਪੜਾਈ ਕਰਦੇ ਹਨ ਬਾਕੀ ਦੇ 90% ਬੱਚੇ ਇੱਕ ਵੀਰਾਨ ਤੇ ਰੁੱਖੀ ਜ਼ਿੰਦਗੀ ਬਿਤਾਂਉਣ ਲਈ ਮਜਬੂਰ ਹੋ ਜਾਂਦੇ ਹਨ । ਸਾਨੂੰ ਤੁਹਾਡੇ ਸੁਝਾਵਾਂ ਦੀ ਹਮੇਸ਼ਾ ਉਡੀਕ ਰਹੇਗੀ ਤਾਂ ਕਿ ਅਸੀਂ ਲੋੜੀਂਦੀ ਜਾਣਕਾਰੀ ਨੂੰ ਇੱਕਠੀ ਕਰਕੇ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨੂੰ ਲਗਾਤਾਰ ਜਾਰੀ ਰੱਖੀਏ ।
ਡਾ. ਇੰਦਰਜੀਤ ਕੌਰ
ਮੁੱਖ ਸੇਵਿਕਾ,