ਪਿੰਗਲ਼ਵਾੜਾ

ਪਿੰਗਲਵਾੜੇ ਦਾ ਬਾਨੀ ‘ਭਗਤ ਪੂਰਨ ਸਿੰਘ’
ਜਨਮ ਤੇ ਬਚਪਨ (1904 ਤੋਂ 1916)
ਸੇਵਾ ਦੀ ਗੱਲ ਕਰਦਿਆਂ ਹੀ ਭਾਈ ਘਨੱਹਈਆ ਜੀ ਵਾਂਗ ਭਗਤ ਪੂਰਨ ਸਿੰਘ ਦਾ ਨਾਂ ਆਪ ਮੁਹਾਰੇ ਹੀ ਬੁੱਲ੍ਹਾਂ ਉਤੇ ਆ ਜਾਂਦਾ ਹੈ। ਉਨ੍ਹਾਂ ਦਾ ਜਨਮ ਜ਼ਿਲ੍ਹਾ ਲੁੱਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਰਾਜੇਵਾਲ ਵਿਖੇ 4 ਜੂਨ, 1904 ਨੂੰ ਇਕ ਸਨਾਤਨ ਧਰਮੀ ਹਿੰਦੂ ਘਰਾਣੇ ਵਿਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਿਤਾ ਲਾਲਾ ਸ਼ਿਬੂ ਮੱਲ ਪਿੰਡ ਦਾ ਸ਼ਾਹੂਕਾਰ ਸੀ ਜੋ ਸਾਲ ਦਾ 52 ਰੁਪਏ ਇਨਕਮ ਟੈਕਸ ਅਤੇ 200 ਰੁਪਏ ਜ਼ਮੀਨ ਦਾ ਮਾਮਲਾ ਦਿੰਦਾ ਹੁੰਦਾ ਸੀ। ਉਨ੍ਹਾਂ ਦਾ ਬਚਪਨ ਦਾ ਨਾਂ ਰਾਮਜੀ ਦਾਸ ਸੀ। ਉਨ੍ਹਾਂ ਦੇ ਜਨਮ ਸਮੇਂ ਘਰ ਵਿਚ ਚਾਰ ਮੱਝਾਂ ਦੁੱਧ ਦਿੰਦੀਆ ਸਨ ਅਤੇ ਘਰ ਵਿਚ ਇਕ ਰੱਥ ਵੀ ਸੀ। ਪਾਣੀ ਦਾ ਘੜਾ, ਘਿਓ ਦੀ ਚਾਟੀ, ਖੰਡ ਅਤੇ ਸ਼ੱਕਰ ਦੀਆਂ ਮੱਟੀਆਂ ਇਕੋ ਥਾਂ ਕੰਧ ਨਾਲ ਰੱਖੇ ਰਹਿੰਦੇ ਸਨ। ਉਨ੍ਹਾਂ ਦੀ ਮਾਂ ਭਾਵੇਂ ਪੜ੍ਹੀ ਲਿਖੀ ਨਹੀਂ ਸੀ ਪਰ ਬਹੁਤ ਸੂਝਵਾਨ ਅਤੇ ਧਾਰਮਿਕ ਖਿਆਲਾਂ ਵਾਲੀ ਸੀ।

bhagatji with his mother

ਪਿੰਡ ਵਿਚ ਰਾਮਾਇਣ, ਮਹਾਂ ਭਾਰਤ ਅਤੇ ਭਗਵਤ ਗੀਤਾ ਦੀ ਕਥਾ ਉਨ੍ਹਾਂ ਦੇ ਮਾਤਾ ਪਿਤਾ ਦੋਵੇਂ ਹੀ ਸੁਨਣ ਜਾਇਆ ਕਰਦੇ ਸਨ। ਉਨ੍ਹਾਂ ਦੇ ਘਰ ਇਕ ਰੀਟਾਇਰਡ ਸਿੱਖ ਫੌਜੀ ਆਇਆ ਕਰਦਾ ਸੀ ਜੋ ਮਾਂ ਨੂੰ ਸਿੱਖੀ ਬਾਰੇ ਬਹੁਤ ਕੁਝ ਦੱਸਦਾ ਰਹਿੰਦਾ ਸੀ। ਉਹ ਰੁੱਖ ਲਾਉਂਣ ਅਤੇ ਉਨ੍ਹਾਂ ਨੂੰ ਪਾਣੀ ਪਾਉਂਣ ਨੂੰ ਭਲੇ ਦਾ ਕੰਮ ਅਤੇ ਪੁੰਨ ਸਮਝਦੀ ਸੀ। ਚੌਰਸਤੇ ਵਾਲੀ ਖੂਹੀ ‘ਤੇ ਲੱਜ, ਡੋਲ ਨਾਲ ਉਹ ਸਾਰਾ-ਸਾਰਾ ਦਿਨ ਰਾਹੀਆਂ ਅਤੇ ਡੰਗਰਾਂ ਨੂੰ ਪਾਣੀ ਪਿਆਲਦੀ ਰਹਿੰਦੀ। ਇੰਨ੍ਹਾਂ ਕੰਮਾਂ ਵਿਚ ਰਾਮਜੀ ਦਾਸ ਵੀ ਹੱਥ ਵਟਾਉਂਦਾ। ਰਸਤੇ ‘ਚ ਤੁਰੇ ਜਾਂਦਿਆਂ ਮਾਂ ਉਸਨੂੰ ਕੰਡੇ, ਸੂਲਾਂ, ਰੋੜੇ, ਆਦਿ ਚੁੱਕਣ ਨੂੰ ਆਖਦੀ ਤਾਂ ਜੋ ਕਿਸੇ ਦੇ ਪੈਰਾਂ ਵਿਚ ਨਾ ਚੁਭ ਜਾਣ। ਉਹ ਇੱਟਾਂ, ਰੋੜੇ ਵੀ ਰਾਹ ਵਿਚੋਂ ਚੁੱਕਣ ਲਈ ਕਹਿੰਦੀ ਤਾਂ ਜੋ ਗੱਡੇ ਦੇ ਪੱਹੀਏ ਅੱਗੇ ਆਉਂਣ ਨਾਲ ਬਲਦਾਂ ਦਾ ਜ਼ਿਆਦਾ ਜੋਰ ਨ ਲੱਗੇ। ਉਹ ਇਹ ਵੀ ਆਖਦੀ ਕਿ ਰਸਤੇ ‘ਚ ਤੁਰੇ ਜਾਂਦਿਆਂ ਕੀੜਾ, ਕੀੜੀ ਵੇਖਕੇ ਤੁਰਿਆ ਕਰ ਤਾਂ ਜੋ ਪੈਰਾਂ ਹੇਠ ਆਕੇ ਮਰ ਨ ਜਾਣ। ਛੱਤ ਉਤੇ ਚਿੜੀਆਂ, ਗਟਾਰਾਂ, ਕਬੂਤਰਾਂ ਨੂੰ ਚੋਗਾ ਪਾਉਂਣ ਵੀ ਭੇਜਦੀ। ਇਨ੍ਹਾਂ ਸਾਰੀਆਂ ਗੱਲਾਂ ਨਾਲ ਰਾਮਜੀ ਦਾਸ ਤੇ ਦਿਲ ਵਿਚ ਰੁੱਖਾਂ, ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਪ੍ਰਤੀ ਡੂੰਘੀ ਦੈਯਾ, ਪਿਆਰ ਅਤੇ ਹਮਦਰਦੀ ਪੈਦਾ ਹੋਈ ਅਤੇ ਨਾਲ ਹੀ ਸੇਵਾ ਅਤੇ ਪਰਉਪਕਾਰ ਦੇ ਭਾਵ ਵੀ ਪੈਦਾ ਹੋਏ।

ਮਾਂ ਰਾਮਜੀ  ਦਾਸ ਨੂੰ ਬਾਣੀ ਦੇ ਰਸੀਏ ਸੰਤ ਬ੍ਰਹਮ ਦਾਸ ਦਾ ਕੀਰਤਨ ਸੁਨਣ ਵੀ ਭੇਜਦੀ ਅਤੇ ਸਵੇਰੇ ਰੋਟੀ ਦੇਣ ਤੋਂ ਪਹਿਲਾਂ ਮੰਦਰ ਮੱਥਾ ਟੇਕਣ ਭੇਜਦੀ। ਰਾਮਜੀ ਦਾਸ ਨੂੰ ਸੰਤਾਂ, ਭਗਤਾਂ, ਮਹਾਂਪੁਰਸ਼ਾਂ ਦੀਆਂ ਸਾਖੀਆਂ ਵੀ ਸੁਣਾਉਂਦੀ ਰਹਿੰਦੀ, ਜਿਸ ਨਾਲ ਧਾਰਮਿਕ ਰੁਚੀ ਪੈਦਾ ਹੋਣੀ ਜ਼ਰੂਰੀ ਸੀ।ਚਾਹੇ ਸ਼ਿਵ ਮੰਦਰ ਦਾ ਵੈਰਾਗੀ ਸਾਧੂ ਹੋਵੇ ਜਾਂ ਉਦਾਸੀ ਸੰਤ ਜਾਂ ਰਵਿਦਾਸੀਏ ਮਹੰਤ ਜਾਂ ਸਾਰੰਗੀ ਵਾਲਾ ਮੁਸਲਮਾਨ, ਸਭ ਨੂੰ ਰਾਮਜੀ ਤੋਂ ਦੋਵਾਂ ਹੱਥਾਂ ਦੀ ਬੁੱਕ ਭਰਕੇ ਆਟਾ, ਦਾਣਾ ਪਵਾਉਂਦੀ, ਜਿਸ ਨਾਲ ਉਸ ਵਿਚ ਹੱਥੋਂ ਕੁਝ ਦੇਣ ਦੀ ਰੁਚੀ ਪੈਦਾ ਹੋਈ।

ਮਾਂ ਰਾਮਜੀ ਨੂੰ ਅਥਾਹ ਪਿਆਰ ਕਰਦੀ ਅਤੇ ਉਸਦੇ ਜਨਮ ਦਿਨ ‘ਤੇ ਸੱਤ ਕੰਜਕਾਂ (ਦਸ, ਬਾਰਾਂ ਸਾਲ ਦੀਆਂ ਕਵਾਰੀਆਂ ਕੁੜੀਆਂ) ਨੂੰ ਘਰ ਬੁਲਾਕੇ ਖਾਣਾ ਖਵਾਉਂਦੀ ਅਤੇ ਖਾਣੇ ਤੋਂ ਪਹਿਲਾਂ ਰਾਮਜੀ ਦਾਸ ਤੋਂ ਉਨ੍ਹਾਂ ਦੇ ਪੈਰ ਧੋਵਾਉਂਦੀ। ਇਸ ਨਾਲ ਰਾਮਜੀ ਦੇ ਦਿਲ ਵਿਚ ਔਰਤ-ਜਾਤ ਪ੍ਰਤੀ ਬਹੁਤ ਆਦਰ ਪੈਦਾ ਹੋਇਆ।

ਮਾਤਾ, ਪਿਤਾ ਇਤਨੇ ਸੁਹਿਰਦ ਸਨ ਕਿ ਜਦੋਂ 1905 ਵਿਚ ਪਲੇਗ ਪਈ ਤਾਂ ਲੋਕਾਂ, ਜਿਨ੍ਹਾਂ ਚੂਹਿਆਂ ਤੋਂ ਡਰਦਿਆਂ ਖੇਤਾਂ ਵਿਚ ਝੁੱਗੀਆਂ ਪਾ ਲਈਆਂ ਸਨ, ਦੀ ਕੱਲੀ-ਕੱਲੀ ਝੁੱਗੀ ਵਿਚ ਜਾਕੇ ਉਨ੍ਹਾਂ ਦਾ ਹਾਲ ਪੁੱਛਦੇ। 1913 ਦੇ ਨੇੜੇ ਜਦ, ਮੀਂਹ ਨ ਪੈਣ ਕਾਰਨ, ਕਾਲ ਪੈ ਗਿਆ ਤਾਂ ਰਾਮਜੀ ਦਾਸ ਦੇ ਪਿਤਾ ਨੇ ਲੋਕਾਂ ਕੋਲੋਂ, ਕਰਜੇ ਦੇ ਰੂਪ ਵਿਚ, ਲਗ-ਭਗ 50,000 ਰੁਪਏ ਲੈਣੇ ਸਨ। ਉਸ ਵੇਲੇ ਉਨ੍ਹਾਂ ਪਾਸ ਘਰ ਵਿਚ ਜੋ ਦੋ ਜਾਂ ਚਾਰ ਹਜ਼ਾਰ ਰੁਪਏ ਸਨ, ਉਸ ਰਕਮ ਨਾਲ ਉਨ੍ਹਾਂ ਦੇ ਪਿਤਾ ਨੇ ਇਕ ਡੱਬਾ ਮੱਕੀ ਅਤੇ ਦੋ ਡੱਬੇ ਤੂੜੀ ਦੇ ਭਰਕੇ ਲੈ ਆੳਦੇ ਅਤੇ ਖੰਨਾ ਸਟੇਸ਼ਨ ਦੇ ਮਾਲ ਗੁਦਾਮ ਤੋਂ ਲੋਕਾਂ ਨੂੰ ਤੋਲ-ਤੋਲ ਕੇ ਦੇਈ ਗਿਆ ਅਤੇ ਕਹਿੰਦਾ ਗਿਆ ਕਿ ਤੁਹਾਡੇ ਕੋਲ ਜਦੋਂ ਪੈਸੇ ਹੋਣਗੇ ਦੇ ਦੇਣਾ ਨਹੀਂ ਤਾਂ ਨ ਸਹੀ। ਆਪੇ ਰੱਬ ਦੇ ਲੇਖੇ ਜਾਣਗੇ।

ਹਾਈ ਸਕੂਲ ਖੰਨਾ ਦੇ ਹੋਸਟਲ ਵਿਚ (1916/1923):
ਲੋਕਾਂ ਤੋਂ ਪੈਸੇ ਵਾਪਸ ਨ ਮੁੜੇ, ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ ਅਤੇ ਘਰ ਵਿਚ ਗਰੀਬੀ ਆ ਗਈ। ਪਰ ਮਾਂ ਨੇ ਉਸਨੂੰ ਪੜ੍ਹਨ ਤੋਂ ਨਹੀਂ ਹਟਾਇਆ। ਰਾਮਜੀ ਦਾਸ ਦਾ ਵੱਡਾ ਅਤੇ ਮਤਰੇਆ ਭਰਾ (ਲਾਲਾ ਸ਼ਿੱਬੂ ਮੱਲ ਪਹਿਲਾਂ ਵੀ ਵਿਆਹਿਆ ਹੋਇਆ ਸੀ ਅਤੇ ਇਕ ਪੁੱਤ ਤੇ ਇਕ ਧੀ ਦਾ ਪਿਤਾ ਸੀ) ਉਸ ਨਾਲ ਬਹੁਤ ਨਫ਼ਰਤ ਕਰਦਾ; ਇੱਥੋਂ ਤਕ ਕਿ ਉਸਨੂੰ ਆਪਣਾ ਭਰਾ ਵੀ ਨਹੀਂ ਮੰਨਦਾ ਸੀ। ਮਾਂ ਨਹੀਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਇਸ ਤਰ੍ਹਾਂ ਨਫ਼ਰਤ ਅਤੇ ਹੀਣ-ਭਾਵ ਦੇ ਵਾਤਾਵਰਨ ਵਿਚ ਰਵ੍ਹੇ। ਇਸ ਲਈ, ਭਾਵੇਂ ਖਰਚਾ ਦੇਣ ਦੇ ਸਮਰਥ ਨਹੀਂ ਸੀ ਫਿਰ ਵੀ ਮਾਂ ਨੇ ਪਿੰਡ ਤੋਂ ਛੇ ਮੀਲ ਦੀ ਦੂਰੀ ਤੇ ਖੰਨਾ ਕਸਬੇ ਦੇ ਹਾਈ ਸਕੂਲ ਦੇ ਹੋਸਟਲ ਵਿਚ ਉਸਨੂੰ ਦਾਖਲ ਕਰਵਾ ਦਿੱਤਾ, ਜਿੱਥੇ ਉਹ 1916 ਤੋਂ 1923 ਤੱਕ ਸੱਤ ਸਾਲ ਰਿਹਾ। ਹੋਸਟਲ ਦਾ ਖਰਚਾ ਉਸਦੀ ਮਾਂ ਨੇ ਦਸ ਰੁਪਏ ਮਹੀਨਾ ਮਿੰਟਗੁਮਰੀ ਵਿਖੇ ਇਕ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਕਰਕੇ ਦਿੱਤਾ।

ਸਿੱਖ ਬਨਣ ਦਾ ਖਿਆਲ ਕਿਵੇਂ ਆਇਆ?
1923 ਵਿਚ ਦਸਵੀਂ ਦਾ ਇਮਤਿਹਾਨ ਲੁੱਧਿਆਣੇ ਦਿੱਤਾ। ਵਾਪਸੀ ਉੱਤੇ ਲੁੱਧਿਆਣੇ ਵਿਖੇ ਹੀ ਸ਼ਿਵਜੀ ਦੇ ਮੰਦਰ ਦਰਸ਼ਨ ਕਰਨ ਚਲਾ ਗਿਆ। ਮੰਦਰ ਵਿਚ ਉਸਨੇ ਠਾਕਰਾਂ ਦੀਆਂ ਮੂਰਤੀਆਂ ਨੂੰ ਮਲ-ਮਲ ਕੇ ਇਸ਼ਨਾਨ ਕਰਾਇਆ, ਸਾਫ ਕੀਤਾ ਅਤੇ ਆਪਣੀ-ਆਪਣੀ ਥਾਂ ਤੇ ਟਿਕਾ ਕੇ ਡੰਡਾਉਤ ਬੰਦਨਾ ਕੀਤੀ। ਇਹ ਵੇਖਕੇ ਮੰਦਰ ਦਾ ਪੁਜਾਰੀ ਬੜਾ ਪ੍ਰਭਾਵਤ ਹੋਇਆ। ਉਸ ਮੰਦਰ ਵਿਚ ਸੰਸਕ੍ਰਿਤ ਪੜ੍ਹਨ ਵਾਲੇ ਪੰਜ ਵਿਦਿਆਰਥੀ ਵੀ ਸਨ। ਠਾਕਰਾਂ ਦੀ ਸੇਵਾ ਵੇਖ ਵਿਦਿਆਰਥੀ ਵੀ ਹੈਰਾਨ ਹੋਏ। ਇੰਨੇ ਨੂੰ ਰੋਟੀ ਖਾਣ ਦਾ ਸਮਾਂ ਵੀ ਹੋ ਗਿਆ ਅਤੇ ਪੁਜਾਰੀ ਅਤੇ ਵਿਦਿਆਰਥੀ ਰੋਟੀ ਖਾਣ ਲਈ ਬੈਠ ਗਏ। ਰਾਮਜੀ ਦਾਸ ਵੀ ਪੰਗਤ ਵਿਚ ਉਨ੍ਹਾਂ ਦੇ ਨਾਲ ਹੀ ਬੈਠ ਗਿਆ, ਪਰ ਪੁਜਾਰੀ ਨੇ ਉਸਨੂੰ ਬਾਂਹ ਤੋਂ ਫੜ ਕੇ ਉਠਾ ਦਿੱਤਾ। ਇਸ ਨਾਲ ਰਾਮਜੀ ਦੇ ਦਿਲ ਨੂੰ ਬਹੁਤ ਠੇਸ ਲੱਗੀ ਅਤੇ ਜੇਬ ਵਿਚ ਪੈਸੇ ਨ ਹੋਣ ਕਾਰਨ, ਉਹ ਭੁੱਖਣ-ਭਾਣਾ ਪੈਦਲ ਹੀ ਖੰਨੇ ਵੱਲ ਚੱਲ ਪਿਆ। ਰਸਤੇ ਵਿਚ ਹਨੇਰਾ ਪੈ ਜਾਣ ਕਰਕੇ ਰਾਤ ਇਕ ਜ਼ਿਮੀਂਦਾਰ ਦੇ ਘਰ ਕੱਟੀ ਅਤੇ ਅਗਲੇ ਦਿਨ ਗੁਰਦੁਆਰਾ ਰੇਰੂ ਸਾਹਿਬ ਪਹੁੰਚ ਗਿਆ। ਉਥੇ ਮਿੱਠੀ ਅਤੇ ਗਾੜ੍ਹੀ ਲੱਸੀ ਵੰਡੀ ਜਾ ਰਹੀ ਸੀ। ਚਾਹ ਜਿਹੜੀ ਵੰਡੀ ਜਾ ਰਹੀਂ ਸੀ ਉਹ ਇੰਜ ਸੀ ਜਿਵੇਂ ਨਿਰਾ ਦੁੱਧ ਹੀ ਹੋਵੇ। ਦਸ ਕੁ ਵਜੇ ਗੁਰੂ ਕਾ ਲੰਗਰ ਵਰਤਿਆ ਜਿਸ ਵਿਚ ਗੁੜ ਵਾਲੇ ਚੌਲ, ਦੇਸੀ ਘਿਓ ਵਾਲੀ ਦਾਲ ਅਤੇ ਲੋਹ ਦੇ ਪ੍ਰਸ਼ਾਦੇ ਸਨ । ਸੇਵਾਦਾਰ ਬੜੇ ਪਿਆਰ ਨਾਲ ਕਹਿ ਰਹੇ ਸਨ, ਪ੍ਰਸ਼ਾਦਾ ਲਉ ਗੁਰਮੁਖੋ, ਚੌਲ ਲਉ ਪਿਆਰਿਓ, ਦਾਲ ਲਉ ਗੁਰਮੁਖੋ । ਰਾਮਜੀ ਦਾਸ ਹੈਰਾਨ ਵੀ ਹੋਇਆ ਅਤੇ ਤ੍ਰਿਪਤ ਵੀ।

ਬਾਅਦ ਦੁਪਹਿਰ ਤਿੰਨ ਕੁ ਵਜੇ ਫੌਜ ‘ਚੋਂ ਛੁੱਟੀ ਆਏ ਪੰਜ, ਸੱਤ ਫੌਜੀ ਸਿੱਖ ਨੋਜਵਾਨ ਵੱਡੇ ਸੰਤ ਅਤਰ ਸਿੰਘ ਜੀ ਪਾਸ ਬੈਠੇ ਸਤਸੰਗ ਕਰ ਰਹੇ ਸਨ ਜੋ ਇਕ ਪਰਵਾਰਿਕ ਝਲਕ ਜਾਪਦੀ ਸੀ। ਸ਼ਾਮ ਵੇਲੇ ਕੀਰਤਨ ਹੋਇਆ। ਰਹਿਰਾਸ ਦੇ ਪਾਠ ਤੇ ਅਰਦਾਸ ਨੇ ਤਾਂ ਰਾਮਜੀ ਦੇ ਹਿਰਦੇ ਨੂੰ ਹਰਾ-ਭਰਾ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਚ ਜਿਹੜੇ ਸਿੰਘ ਗਊਆਂ ਅਤੇ ਬਲਦਾਂ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਦੱਸਿਆ ਕਿ ਉਹ ਤਨਖਾਹ ਨਹੀਂ ਲੈਂਦੇ ਅਤੇ ਉਨ੍ਹਾਂ ਆਪਣਾ ਜੀਵਨ ਗੁਰਦੁਆਰੇ ਨੂੰ ਸੇਵਾ ਲਈ ਦਿੱਤਾ ਹੋਇਆ ਹੈ। (ਉਧਰ ਰਾਮਜੀ ਦਾਸ ਨੂੰ ਫਿਕਰ ਸੀ ਕਿ ਹੋਸਟਲ ਵਿਚ ਤਾਂ ਇਮਤਿਹਾਨ ਦੇਣ ਪਿੱਛੋਂ ਕਿਸੇ ਨੇ ਰਹਿਣ ਨਹੀਂ ਦੇਣਾ ਅਤੇ ਘਰ ਉਸਦਾ ਪਹਿਲਾਂ ਹੀ ਉੱਜੜ ਚੁਕਾ ਸੀ ਅਤੇ ਹੁਣ ਰਹੇਗਾ ਕਿੱਥੇ ।) ਬੱਸ, ਉਨ੍ਹਾਂ ਸਿੰਘਾਂ ਦੀ ਗੱਲ ਸੁਣਕੇ ਉਸਨੇ ਮਹਿਸੂਸ ਕੀਤਾ ਕਿ ਇਕ ਅਜਿਹਾ ਘਰ ਵੀ ਸੰਸਾਰ ਵਿਚ ਹੈ ਜੋ ਕਦੇ ਉਜੜਦਾ ਨਹੀਂ ਅਤੇ ਜਿਸ ਵਿਚ ਖਾਣ ਪੀਣ ਅਦੇ ਬਸਤਰ ਆਦਿ ਸਾਧਨਾਂ ਦੀ ਕੋਈ ਕਮੀ ਨਹੀਂ ਅਤੇ ਜਿਸ ਵਿਚ ਪਰਵੇਸ਼ ਕਰਕੇ ਕੋਈ ਨੌਜਵਾਨ ਸੰਸਾਰ ਵਿਚ ਆਪਣੇ ਵਧਣ-ਫੁਲਣ ਦਾ ਰਾਹ ਲੱਭ ਸਕਦਾ ਹੈ। ਉਸਨੂੰ ਲੱਗਾ ਕਿ ਉਸਨੂੰ ਉਹ ਥਾਂ ਲੱਭ ਗਿਆ ਹੈ ਜਿਸਦੀ ਉਸਨੂੰ ਆਪਣੇ ਜੀਵਨ ਦੇ ਵਿਕਾਸ ਲਈ ਲੋੜ ਸੀ ਅਤੇ ਜਿਸ ਨਾਲ ਸੰਬੰਧ ਜੋੜਕੇ ਬੰਦਾ ਆਪਣੀਆਂ ਬੁੱਧੀ, ਸਰੀਰ ਅਤੇ ਹਿਰਦੇ ਦੀਆਂ ਸ਼ਕਤੀਆਂ ਦੇ ਵਿਕਾਸ ਅਤੇ ਵਰਤੋਂ ਬਾਰੇ ਸੋਚ-ਵਿਚਾਰ ਲਈ ਸਮਾਂ ਪ੍ਰਾਪਤ ਕਰ ਸਕਦਾ ਹੈ ਕਿ ਕਿਹੜੇ-ਕਿਹੜੇ ਕਾਰਜ ਸੰਸਾਰ ਵਿਚ ਕੀਤੇ ਜਾਣੇ ਚਾਹੀਦੇ ਹਨ ਜੋ ਨਹੀਂ ਹੋ ਰਹੇ ਅਤੇ ਉੁਨਾਂ ਨੂੰ ਕਰਨ ਵਿਚ ਪਹਿਲ ਕਰਨੀ ਚਾਹੀਦੀ  ਹੈ। ਸੋ ਗੁਰਦੁਆਰਾ ਰੇਰੂ ਸਾਹਿਬ ਵਿਚ ਗੁਜ਼ਾਰੀ ਇਕ ਰਾਤ ਅਤੇ ਲੁੱਧਿਆਣੇ ਦੇ ਸ਼ਿਵਜੀ ਦੇ ਮੰਦਰ ਵਿਚ ਬਿਤਾਏ ਕੁਝ ਘੰਟੇ ਰਾਮਜੀ ਦਾਸ ਦੇ ਜੀਵਨ ਵਿਚ ਪਰਿਵਰਤਨ ਲਿਆਉਂਣ ਵਾਲੇ ਸਿੱਧ ਹੋਏ।

ਇਸ ਤੋਂ ਪਹਿਲਾਂ ਉਸਨੇ ਸੰਨ 1918 ਦੇ ਨੇੜੇ-ਤੇੜੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਤੇ ਫਤਹਿਗੜ੍ਹ ਸਾਹਿਬ ਵਿਖੇ ਮਹਾਰਾਜਾ ਪਟਿਆਲਾ ਦੇ ਏ.ਡੀ.ਸੀ. ਨੂੰ ਸਿੱਖੀ ਸਰੂਪ ਵਿਚ ਸਵਾਰਕੇ ਬੱਧੀ ਹੋਈ ਦਾੜ੍ਹੀ ਅਤੇ ਦੋਹਰੀ ਸਜਾਈ ਹੋਈ ਦਸਤਾਰ ਵੇਖਿਆ ਸੀ ਜਿਸਨੂੰ ਉਸਨੇ ਗੁਰਸਿੱਖੀ ਦੇ ਸੱਭਿਆਚਾਰ ਦੀ ਸੁੰਦਰਤਾ ਦੀ ਪਹਿਲੀ ਝਲਕ ਆਖਿਆ ਸੀ ਅਤੇ ਮਾਂ ਕੋਲ ਉਸਨੇ ਸਿੱਖ ਬਨਣ ਦੀ ਇੱਛਾ ਪ੍ਰਗਟਾਈ ਸੀ। ਮਾਂ ਨੇ ਕਿਹਾ ਸੀ ਦਸਵੀਂ ਤਕ ਠਹਿਰ ਜਾਹ ਫਿਰ ਕੇਸ ਰੱਖ ਲਵੀਂ।
ਜੋੜ ਮੇਲੇ ਨੇ ਭਗਤ ਜੀ ਨੂੰ ਬਾਬਾ ਜੌਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਅਸਥਾਨ ਅਤੇ ਸੰਸਕਾਰ ਵਾਲੀ ਥਾਂ ਵੇਖਣ ਦਾ ਮੁੱਕਾ ਦਿੱਤਾ। ਇਹ ਥਾਵਾਂ ਵੇਖਣ ਦਾ ਅਤੇ ਸ਼ਹੀਦੀਆਂ ਦੀ ਦਰਦਨਾਕ ਕਹਾਣੀ ਸੁਣਨ ਦਾ ਭਗਤ ਜੀ ਦੇ ਕੋਮਲ ਮਨ ਤੇ ਡੂੰਘਾ ਪ੍ਰਭਾਵ ਪਿਆ। ਜਿੱਥੇ ਇੰਨਾਂ ਕੁਰਬਾਨੀਆਂ ਨਾਲ ਮੁਗਲ ਰਾਜ ਦਾ ਤੇਜੀ ਨਾਲ ਅੰਤ ਹੋਣਾ ਆਰੰਭ ਗਿਆ ਉੱਥੇ ਭਗਤ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਸਿੱਖ ਵਿਚਾਰਧਾਰਾ ਕਿੰਨੀ ਮਹਾਨ ਹੈ ਜਿਸ ਨੇ ਕਲੀਆ ਵਰਗੇ ਸੋਹਲ ੯ ਅਤੇ ੬ ਸਾਲ ਦੇ ਸਾਹਿਬਜ਼ਾਦਿਆਂ ਨੂੰ ਇੰਨੇ ਦਿੜ੍ਹ ਤੇ ਸਖਤ ਬਣਾ ਦਿੱਤਾ ਕਿ ਉਨਾਂ ਨੂੰ ਨਾ ਮੌਤ ਦੇ ਡਰਾਵੇ ਚੁੱਕਾ ਸਕੇ ਨਾ ਹੀ ਐਸ਼ੋ-ਇਸ਼ਰਤ ਵਾਲੀ ਜ਼ਿਦਗੀ ਦੀ ਪੇਸ਼ਕਸ਼ ਉਨਾਂ ਦਾ ਮਨ ਬਦਲ ਸਕੀ ਅਤੇ ਉਨਾਂ ਨੇ ਬਹੁਤ ਸੋਚ-ਸਮਝ ਕੇ ਸ਼ਹੀਦੀ ਦਾ ਜਾਮ ਪੀਤਾ।

ਲਾਹੌਰ ਵਿਚ (1924/47):
ਉਹ ਦਸਵੀਂ ਜਮਾਤ ਵਿਚੋਂ ਫੇਲ ਹੋ ਗਿਆ ਪਰ ਉਸਦੀ ਮਾਂ, ਜਿਸਨੇ ਮਿੰਟਗੁਮਰੀ ਤੋਂ ਲਾਹੌਰ ਆਕੇ ਸਰ ਗੰਗਾ ਰਾਮ ਹਸਪਤਾਲ ਵਿਚ ਨੌਕਰੀ ਕਰ ਲਈ ਸੀ, ਨੇ ਲਾਹੌਰ ਬੁਲਾਕੇ ਸ.ਬ.ਖਾਲਸਾ ਹਾਈ ਸਕੂਲ ਤੋਂ ਮੁੜ ਦਸਵੀਂ ਦਾ ਇਮਤਿਹਾਨ ਦਿਵਾਇਆ। ਇਮਤਿਹਾਨ ਤੱਕ ਉਹ ਸਕੂਲ ਦੇ ਹੋਸਟਲ ਵਿਚ ਹੀ ਰਿਹਾ। ਇਮਤਿਹਾਨ ਤੋਂ ਪਿੱਛੋਂ ਹਰਨਾਮ ਸਿੰਘ ਆਟੇ ਵਾਲੇ ਨੇ, ਜਿਨ੍ਹਾਂ ਦੇ ਘਰ ਉਨ੍ਹਾਂ ਦੀ ਮਾਂ ਨੌਕਰੀ ਕਰਦੀ ਸੀ, ਰਾਮਜੀ ਨੂੰ ਆਪਣੇ ਘਰ ਵਿਚ ਹੀ ਰੱਖ ਲਿਆ ਅਤੇ ਕਿਹਾ, ਨਤੀਜੇ ਤੱਕ ਤੂੰ ਗੁਰਦਵਾਰਾ ਡੇਹਰਾ ਸਾਹਿਬ ਚਲਾ ਜਾਇਆ ਕਰ, ਉਥੇ ਹੱਥਾਂ ਦੀ ਅਨੇਕ ਪ੍ਰਕਾਰ ਦੀ ਸੇਵਾ ਕਰਿਆ ਕਰ ਅਤੇ ਸ਼ਾਮ ਨੂੰ ਘਰ ਆ ਜਾਇਆ ਕਰ। ਜਿਸ ਬੰਦੇ ਨੇ ਵੀ ਕੁਝ ਪ੍ਰਾਪਤ ਕੀਤਾ ਹੈ, ਉਹ ਉਸਨੇ ਗੁਰੂ-ਘਰ ਤੋਂ ਹੀ ਪ੍ਰਾਪਤ ਕੀਤਾ ਹੈ। ਇੰਜ ਉਹ ਗੁ.ਡੇਹਰਾ ਸਾਹਿਬ ਜਾਣ ਲੱਗ ਪਿਆ। ਇਥੇ ਉਸਦਾ ਨਾਂ ਪੂਰਨ ਸਿੰਘ ਰੱਖਿਆ ਗਿਆ ਅਤੇ ਪਿੱਛੋਂ ਪੰਥ ਦੇ ਦਿਮਾਗ ਗਿਆਨੀ ਕਰਤਾਰ ਸਿੰਘ ਨੇ ਨਾਲ ‘ਭਗਤ’ ਸ਼ਬਦ ਜੋੜ ਦਿੱਤਾ। ਇੰਜ ਉਹ ਰਾਮਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਗਿਆ। ਉਨ੍ਹਾਂ ਦੀ ਮਾਂ ਸ.ਹਰਨਾਮ ਸਿੰਘ ਦੇ ਲੜਕੇ ਸ. ਹਰੀ ਸਿੰਘ ਨੂੰ ਕਹਿੰਦੀ ਰਹਿੰਦੀ ਸੀ ਕਿ ਆਪਣੇ ਬੈਂਕ ਵਿਚ ਪੂਰਨ ਸਿੰਘ ਨੂੰ ਨੌਕਰੀ ਦੇ ਦੇਵੇ। ਪਰ ਸ. ਹਰਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ, ਅਸੀਂ ਪੂਰਨ ਸਿੰਘ ਨੂੰ ਆਪਣਾ ਨੌਕਰ ਨਹੀਂ ਰੱਖ ਸਕਦੇ; ਇਸ ਤੋਂ ਗੁਰੂ ਨੇ ਆਪਣੇ ਕੰਮ ਲੈਣੇ ਹਨ। ਸ. ਹਰਨਾਮ ਸਿੰਘ ਨੇ ਉਸਦੀ ਮਾਂ ਨੂੰ ਇਹ ਵੀ ਕਹਿ ਦਿੱਤਾ ਸੀ, “ਮਾਈ, ਤੇਰਾ ਪੁੱਤ ਵੱਡਾ ਆਦਮੀ ਬਣੇਗਾ। ਗੁ. ਡੇਹਰਾ ਸਾਹਿਬ ਵਿਚ ਕੰਮ ਕਰਦਿਆਂ ਵੇਖਕੇ ਮਹੰਤ ਤੇਜਾ ਸਿੰਘ ਨੇ ਪੂਰਨ ਸਿੰਘ ਨੂੰ ਬਹੁਤ ਪਿਆਰ ਅਤੇ ਉਤਸ਼ਾਹ ਦਿੱਤਾ। ਉਹ ਇਸ਼ਨਾਨ ਦੀਆਂ ਟੂਟੀਆਂ ਦੀ ਹਲਟੀ ਜੁੱਪੇ ਝੋਟੇ ਨੂੰ ਹੱਕਦੇ, ਪੱਠੇ ਪਾਉਂਦੇ, ਲੰਗਰ ਦੇ ਜੂਠੇ ਭਾਂਡੇ ਮਾਂਜਦੇ, ਤੱਪੜ ਵਿਛਾਉਂਦੇ, ਯਾਤਰੂਆਂ ਦੀ ਰਾਤ ਵੇਲੇ ਸੌਣ ਦੇ ਪ੍ਰਬੰਧ ਦੀ ਦੇਖ-ਭਾਲ ਕਰਦੇ, ਬੇਆਸਰੇ ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਸੰਭਾਲ ਕਰਦੇ, ਉਨ੍ਹਾਂ ਨੂੰ ਹਸਪਤਾਲ ਲੈਕੇ ਜਾਂਦੇ, ਜੋੜਿਆਂ ਦੀ ਸੇਵਾ ਤੇ ਬੈਠਦੇ ਅਤੇ ਨਾਲੋਂ-ਨਾਲ ਕੀਰਤਨ ਵੀ ਸੁਣਦੇ ਰਹਿੰਦੇ। ਜਦੋਂ ਇਨ੍ਹਾਂ ਕੰਮਾਂ ਤੋਂ ਵਿਹਲ ਮਿਲਦੀ, ਲਾਇਬ੍ਰੇਰੀਆਂ ਵਿਚ ਜਾਕੇ ਅਖਬਾਰਾਂ, ਰਸਾਲੇ ਅਤੇ ਕਿਤਾਬਾਂ ਪੜ੍ਹਦੇ ਰਹਿੰਦੇ ਅਤੇ ਗਿਆਨ ਪ੍ਰਾਪਤ ਕਰਦੇ ਰਹਿੰਦੇ। ਉਹ ਸਰਦੇ-ਪੁੱਜਦੇ ਬੰਦਿਆਂ ਕੋਲੋਂ ਪੈਸੇ ਮੰਗਕੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਵੀ ਕਰਦੇ । ਉਨ੍ਹਾਂ ਨੇ ਆਬਾਦੀ ਦੇ ਵਾਧੇ, ਅੰਨ-ਸੰਕਟ, ਜੰਗਲਾਂ ਦੀ ਅੰਦਾ-ਧੁੰਦ ਕਟਾਈ, ਵਾਤਾਵਰਨ ਦੇ ਦੂਸ਼ਿਤ ਹੋਣ, ਪੈਟ੍ਰੋਲ, ਡੀਜ਼ਲ, ਕੋਲੇ ਦੀ ਬੇ-ਤਹਾਸ਼ਾ ਖ਼ਪਤ, ਧਰਤੀ ਦੇ ਖੋਰੇ, ਡੈਮਾਂ ਦੇ ਭਰਨ, ਸਮਾਜਕ ਬੁਰਾਈਆਂ, ਬੇ-ਰੋਜ਼ਗਾਰੀ ਆਦਿ ਦੇ ਮਾੜੇ ਅਸਰਾਂ ਬਾਰੇ ਵੀ ਗਿਆਨ ਪ੍ਰਾਪਤ ਕੀਤਾ ਅਤੇ ਸੋਚਣਾ ਸ਼ੁਰੂ ਕੀਤਾ । ਇਸ ਦੇ ਫਲਸਰੂਪ ਹੀ ਉਨ੍ਹਾਂ ਨੇ ਪਿੰਗਲਵਾੜਾ ਵਿਚ ਛਾਪਾਖਾਨਾ ਲਾਕੇ ਇਨ੍ਹਾਂ ਵਿਸ਼ਿਆਂ ਤੇ ਚੋਣਵਾਂ ਸਾਹਿਤ ਛਾਪਿਆ ਅਤੇ ਲੋਕਾਂ ਵਿਚ ਮੁਖਤ ਵੰਡਿਆ ।

ਸੰਸਥਾ ਬਨਾਉਣ ਦੀ ਕਲਪਨਾ:
ਭਗਤ ਜੀ ਆਪ ਲਿਖਦੇ ਹਨ, ਬੇ-ਆਸਰੇ ਰੋਗੀਆਂ ਦੀ ਦੁਰ-ਦਸ਼ਾ ਨੂੰ ਵੇਖਕੇ ਜਿੱਥੇ ਮੇਰੇ ਦਿਲ ਵਿਚ ਇਹ ਖਿਆਲ ਪੈਦਾ ਹੋਇਆ ਕਰਦਾ ਕਿ ਮੈਂ ਇਨ੍ਹਾਂ ਲਈ ਇਕ ਅਜਿਹੀ ਸੰਸਥਾ ਬਣਾਵਾਂ ਜਿਹੜੀ ਇਨ੍ਹਾਂ ਨੂੰ ਸੰਭਾਲੇ, ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਾਏ, ਉਥੇ ਮੈਨੂੰ ਇਹ ਖਿਆਲ ਵੀ ਪੈਦਾ ਹੋਇਆ ਕਰਦਾ ਕਿ ਮੈਂ ਹੋਰਨਾਂ ਦੇਸ਼ਾਂ ਦੀਆਂ ਪੁਸਤਕਾਂ ਅਤੇ ਰਸਾਲੇ ਪੜ੍ਹਕੇ ਇਹ ਪਤਾ ਕਰਾਂ ਕਿ ਅਗਾਂਹ ਵਧੂ ਦੇਸ਼ਾਂ ਨੇ ਅਜਿਹੇ ਮਸਲੇ ਹੱਲ ਕਰਨ ਲਈ ਕੀ ਕੁਝ ਸੋਚਿਆ ਅਤੇ ਕੀ ਕੁਝ ਕੀਤਾ ਹੈ।

ਮਾਂ ਦੀ ਮੌਤ:
23 ਜੂਨ 1930 ਨੂੰ ਉਨ੍ਹਾਂ ਦੀ ਮਾਂ ਦੀ, ਢਾਈ ਸਾਲ ਬੀਮਾਰ ਰਹਿਣ ਉਪ੍ਰੰਤ, ਛਿਹਰਟਾ ਸਾਹਿਬ ਦੇ ਗੁਰਦੁਆਰੇ ਦੀ ਹੱਦ ਅੰਦਰ ਮੌਤ ਹੋ ਗਈ । ਉਹ ਬਹੁਤ ਕੱਲੇ-ਕੱਲੇ ਮਹਿਸੂਸ ਕਰਨ ਲੱਗੇ। ਨਾਲ ਹੀ ਮਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਪ੍ਰਾਣੀ-ਮਾਤਰ (ਦੁਖੀ ਤੇ ਬੇ-ਸਹਾਰਾ ਮਨੁੱਖਤਾ) ਦੀ ਸੇਵਾ ਕਰਨ ਬਾਰੇ ਗੰਭੀਰਤਾ ਨਾਲ ਸੋਚਣ, ਪੜ੍ਹਨ ਅਤੇ ਕੰਮ ਕਰਨ ਜੁੱਟ ਪਏ।

ਪਿੰਗਲਵਾੜਾ ਦੀ ਨੀਂਹ:

ਸੰਨ 1934 ਵਿਚ ਇਕ ਚਾਰ ਕੁ ਸਾਲ ਦਾ ਅਪੰਗ (ਲੂਲ੍ਹਾ) ਬੱਚਾ ਤੜਕੇ ਦੇ ਹਨੇਰੇ ਵਿਚ ਗੁ. ਡੇਹਰਾ ਸਾਹਿਬ ਦੇ ਸਾਹਮਣੇ ਚੋਰੀਓਂ ਹੀ ਕੋਈ ਛੱਡ ਗਿਆ ਸੀ। ਇਸ ਬੱਚੇ ਦੀ ਮਾਂ ਚਾਰ ਕੁ ਮਹੀਨੇ ਪਹਿਲਾਂ ਮਰ ਗਈ ਸੀ ਅਤੇ ਪਿਤਾ ਇਸ ਨੂੰ ਚਾਰ ਕੁ ਮਹੀਨੇ ਸੰਭਾਲਣ ਪਿੱਛੋਂ, ਜਿਸ ਜੱਟ ਦੇ ਘਰ ਉਹ ਸੀਰੀ ਸੀ ਉਸਦੇ ਘਰ ਬੱਚੇ ਨੂੰ ਛੱਡਕੇ ਆਪ ਅਲੋਪ ਹੋ ਗਿਆ ਸੀ। ਪਿਤਾ ਦੀ ਕੁਝ ਦਿਨ ਉਡੀਕ ਕਰਨ ਉਪ੍ਰੰਤ, ਦੋ ਜ਼ਿਮੀਂਦਾਰ ਬੱਚੇ ਨੂੰ ਅੰਮ੍ਰਿਤਸਰ ਅਤੇ ਲਾਹੌਰ ਦੇ ਯਤੀਮ-ਖਾਨਿਆਂ ਵਿਚ ਲਈ ਫਿਰਦੇ ਰਹੇ ਪਰ ਕਿਉਂਕਿ ਬੱਚਾ ਆਪਣੀ ਕਿਰਿਆ ਆਪ ਸੋਧਨ ਦੇ ਯੋਗ ਨਹੀਂ ਸੀ, ਸਾਰੇ ਪਾਸਿਓਂ ਨਾਂਹ ਹੋ ਗਈ। ਅੰਤ ਵਿਚ ਉਹ ਬੱਚੇ ਨੂੰ ਲੈ ਕੇ ਗੁ. ਡੇਹਰਾ ਸਾਹਿਬ ਵਿਚ ਆਏ। ਪ੍ਰੰਤੂ ਇਥੇ ਵੀ ਅਜਿਹਾ ਬੱਚਾ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੋ ਸਕਦਾ ਸੀ। ਉਹ ਜ਼ਿਮੀਂਦਾਰ ਰਾਤ ਗੁਰਦੁਆਰਾ ਸਾਹਿਬ ਵਿਚ ਠਹਿਰੇ ਅਤੇ ਤੜਕੇ ਹਨੇਰੇ ਵਿਚ ਬੱਚੇ ਨੂੰ ਛੱਡਕੇ ਆਪ ਚਲੇ ਗਏ। ਬੱਚੇ ਨੂੰ ਖਾਣ, ਪੀਣ ਨੂੰ ਤਾਂ ਸਾਂਭ ਦਿੰਦੇ ਪਰ ਸਾਂਭਣ ਨੂੰ ਕੋਈ ਅੱਗੇ ਨ ਆਇਆ। ਜਦੋਂ ਬੱਚਾ ਬਦ-ਹਜ਼ਮੀ ਨਾਲ ਬੀਮਾਰ ਹੋ ਗਿਆ ਅਤੇ ਆਪਣੇ ਹੀ ਮਲ-ਮੂਤਰ ਵਿਚ ਲਿੱਬੜ-ਤਿੱਬੜ ਗਿਆ ਤਾਂ ਗੁ. ਡੇਹਰਾ ਸਾਹਿਬ ਦੇ ਹੈਡ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੇ ਅਰਦਾਸ ਕਰਕੇ ਇਹ ਬੱਚਾ ਭਗਤ ਜੀ ਦੇ ਹਵਾਲੇ ਕਰ ਦਿੱਤਾ ਅਤੇ ਆਖਿਆ, ‘ਪੂਰਨ ਸਿੰਘਾ! ਤੂੰ ਹੀ ਇਸਦੀ ਸੇਵਾ-ਸੰਭਾਲ ਕਰ।’ਅਤੇ ਇੰਜ ਉਸ ਦਿਨ ਹੀ ਜਾਣੋ ਪਿੰਗਲਵਾੜਾ ਦੀ ਨੀਂਹ ਰੱਖੀ ਗਈ। ਭਗਤ ਜੀ ਨੇ ਬੱਚੇ ਨੂੰ ਬੜੇ ਪਿਆਰ ਨਾਲ ਰੱਖਿਆ ਅਤੇ ਉਸਦਾ ਨਾਂ ਵੀ ਪਿਆਰਾ ਸਿੰਘ ਹੀ ਰੱਖਿਆ। 1934 ਤੋਂ 1947 ਤੱਕ ਭਗਤ ਜੀ ਨੇ ਆਪਣੀ ਪਿੱਠ ਅਤੇ ਮੋਢਿਆਂ ਨੂੰ ਹੀ ਉਸਦਾ ਟਿਕਾਣਾ ਬਣਾਈ ਰੱਖਿਆ। ਆਮ ਲੋਕਾਂ ਨੇ ਬੜੀ ਹੈਰਾਨੀ ਅਤੇ ਹਿਕਾਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਪਰ ਭਗਤ ਜੀ ਸੇਵਾ ਦੀ ਇਸ ਕਠਿਨ ਪ੍ਰੀਖਿਆ ਵਿਚੋਂ ਸਫਲ ਹੋ ਗਏ ਅਤੇ ਕਦੀ ਪਿੱਛਾ ਭਉਂ ਕੇ ਨਾ ਵੇਖਿਆ।

ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਵਿਚ (1808/1947 ਨੂੰ)
ਦੇਸ਼ ਦੀ ਵੰਡ ਸਮੇਂ ਉਹ 18 ਅਗਸਤ 1947 ਨੂੰ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਵਿਚ ਪਹੁੰਚੇ। ਉਨ੍ਹਾਂ ਨਾਲ ਇਕ ਮਰੀਜ਼ (ਇਕ ਮਰਨਾਊ ਬੁੱਢਾ), ਪਿੱਠ ਉੱਤੇ ਸਤਾਰ੍ਹਾਂ ਵਰ੍ਹਿਆਂ ਦਾ ਪਿਆਰਾ ਸਿੰਘ ਅਤੇ ਜੇਬ ਵਿਚ ਇਕ ਰੁਪਇਆ ਪੰਜ ਆਨੇ ਸਨ। ਉੱਤੇ-ਤੇੜ ਦੇ ਕਪੜਿਆਂ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੁਝ ਵੀ ਨਹੀਂ ਸੀ। ਕੈਂਪ ਵਿਚ ਰਿਫਿਊਜੀ ਆਉਂਦੇ ਅਤੇ ਅੱਗੇ ਤੁਰੀ ਜਾਂਦੇ। ਇਨ੍ਹਾਂ ਦੀ ਗਿਣਤੀ 23,000 ਤੋਂ 25,000 ਦੇ ਵਿਚ-ਵਿਚ ਰਹਿੰਦੀ। ਇਨ੍ਹਾਂ ਵਿਚ ਕਈ ਬੇ-ਆਸਰੇ ਰੋਗੀ, ਆਪਾਹਿਜ ਅਤੇ ਬੁੱਢੇ ਵੀ ਹੁੰਦੇ। ਭਗਤ ਜੀ ਨੇ ਇਨ੍ਹਾਂ ਨੂੰ ਸਾਂਭਣ ਦੀ ਜਿੰਮੇਂਵਾਰੀ ਆਪਣੇ ਸਿਰ ਆਪ ਹੀ ਲੈ ਲਈ ਸੀ। ਇਹ ਕੈਂਪ 31-12-1947 ਤੱਕ ਰਿਹਾ ਅਤੇ ਇਸ ਦੇ ਕਮਾਡੈਂਟ ਪਿ੍ੰਸੀਪਲ ਯੋਧ ਸਿੰਘ ਸਨ। ਖਾਲਸਾ ਕਾਲਜ ਤੋਂ ਨਿਕਲਕੇ, ਚੀਫ਼ ਖ਼ਾਲਸਾ ਦੀਵਾਨ ਦੇ ਅੱਗੇ, ਰੇਲਵੇ ਸਟੇਸ਼ਨ ਦੀ ਸੜਕ ਦੇ ਕੰਢੇ ਅਤੇ 01-10-1948 ਤੋਂ ਹਸਪਤਾਲ ਦੇ ਬੂਹੇ ਅੱਗੇ, ਰਾਮ ਬਾਗ ਦੇ ਦਰਵਾਜੇ ਦੇ ਲਾਗੇ ਬੋਹੜ ਦੇ ਹੇਠਾਂ ਭਗਤ ਜੀ ਨੇ, ਅਪਣੇ ਮਰੀਜ਼ਾਂ, ਅਪਾਹਿਜਾਂ ਸਮੇਤ, ਡੇਰਾ ਲਾ ਲਿਆ। ਇੰਜ, ਡੇਢ ਸਾਲ ਤੁਰਦੇ-ਫਿਰਦਿਆਂ ਮਰੀਜ਼ਾਂ ਦੀ ਸੇਵਾ ਸੰਭਾਲ ਕੀਤੀ, ਜਿਸ ਵਿਚ ਘਰਾਂ ਤੋਂ ਪ੍ਰਸ਼ਾਦੇ ਅਗਰਾਹੁਣਾ, ਰੋਗੀਆਂ ਨੂੰ ਸਾਂਭਣਾ, ਹਸਪਤਾਲ ਲਿਜਾਣਾ, ਟੱਟੀਆਂ ਚੁੱਕਣੀਆਂ, ਗੰਦੇ ਕੱਪੜੇ ਧੋਣੇ, ਬਹੁਕਰ ਦੇਣਾ, ਭਾਂਡੇ ਮਾਂਝਣੇ, ਆਦਿ ਸ਼ਾਮਿਲ ਸੀ। ਪੈਸਾ ਕੋਈ ਕੋਲ ਹੈ ਨਹੀਂ ਸੀ। ਇਹ ਸਾਰੇ ਕੰਮ ਭਗਤ ਜੀ ਇਕੱਲੇ ਹੀ ਕਰਦੇ ਰਹੇ। 22 ਮਰੀਜ਼ ਹੋ ਜਾਣ ‘ਤੇ ਕੇਵਲ ਸਵੇਰੇ ਇਕ ਸਮੇਂ ਵਾਸਤੇ ਇਕ ਮਿਹਤਰ (ਸਫਾਈ ਸੇਵਕ) ਰੱਖਿਆ ਸੀ। ਇਕ ਪੁਰਾਣਾ ਰਿਕਸ਼ਾ ਲੈਕੇ, ਫ੍ਰੇਮ ਸਮੇਤ ਅਗਲਾ ਪੱਹੀਆ ਕੱਢ ਦਿੱਤਾ ਅਤੇ ਬਾਂਸ ਲਾਕੇ, ਰਿਕਸ਼ੇ ਨੂੰ ਧੱਕ ਮਰੀਜ਼ ਹਸਪਤਾਲ ਲੈ ਜਾਂਦੇ। ਭਗਤ ਜੀ ਦੇ ਪਿੰਗਲਵਾੜੇ ਦੀ ੲਹ ਪਹਿਲੀ ਐਂਬੂਲੈਂਸ ਸੀ। ਗੱਲ ਕੀ, ਸਖਤ ਘਾਲਣਾ ਘਾਲਕੇ ਉਹ ਲਾਵਾਰਸ ਬੁੱਢਿਆਂ ਦੀ ਡੰਗੋਰੀ, ਲਾਚਾਰ ਔਰਤਾਂ ਦੇ ਰਖਵਾਲੇ ਅਤੇ ਯਤੀਮ ਬੱਚਿਆਂ ਦੇ ਮਾਂ, ਪਿਓ ਬਣੇ। ਇੰਜ ਸੜਕਾਂ ਦੇ ਕੰਢਿਆਂ ‘ਤੇ ਰੁਲਣ ਪਿੱਛੋਂ, ਉਨ੍ਹਾਂ ਨੇ ਸਿਵਲ ਸਰਜਨ ਦੇ ਦਫਤਰ ਲਾਗੇ ਇਕ ਨਿਕਾਸੀ ਕੋਠੀ ਮੱਲ ਲਈ ਜੋ ਬਾਦ ਵਿਚ ਖਾਲੀ ਕਰਨੀ ਪਈ। ਫਿਰ 1950 ਵਿਚ ਇੰਦਰ ਪੈਲੇਸ ਸਿਨੇਮਾ ਦੀ ਨਾ-ਮੁਕੱਮਲ ਇਮਾਰਤ ਵਿਚ ਅਤੇ ਰਾਮ ਤਲਾਈ ਵਾਲੀ ਸਰਾਂ ਵਿਚ ਡੇਰੇ ਲਾਏ।

ਪਿੰਗਲਵਾੜਾ ਬਣਨ ਵਿਚ ਯੋਗਦਾਨ:
ਪਿਆਰਾ ਸਿੰਘ ਤਾਂ ਪਿੰਗਲਵਾੜਾ ਬਣਨ ਦਾ ਕਾਰਨ ਹੈ ਹੀ ਸੀ ਅਤੇ ਹੋਰ ਵੀ ਬਹੁਤ ਸਾਰੇ ਸੁਹਿਰਦ ਅਤੇ ਦਾਨੀ ਸੱਜਣਾ ਨੇ ਭਗਤ ਜੀ ਨੂੰ ਬਹੁਤ ਸਹਾਇਤਾ ਦਿੱਤੀ ਅਤੇ ਉਤਸ਼ਾਹ ਵੀ ਦਿੱਤਾ। ਪਰ ਉਨ੍ਹਾਂ ਲਿਖਿਆਂ ਹੈ, ਜੇਕਰ ਨਰੈਣ ਸਿੰਘ ਅਤੇ ਕੁੰਢਾ ਸਿੰਘ ਮੇਰੇ ਨਾਲ ਸੜਕ ਦੇ ਡੇਰੇ ਦੇ ਦਿਨਾਂ ਵਿਚ ਨਾ ਰਹੇ ਹੁੰਦੇ ਤਾਂ ਸ਼ਾਇਦ ਪਿੰਗਲਵਾੜਾ ਹੋਂਦ ਵਿਚ ਨਾ ਆਉਂਦਾ। ਕੁੰਢਾ ਸਿੰਘ ਨੇ ਤਾਂ ਸੇਵਾ ਦੀ ਖਾਤਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤੀ ਚੰਗੀ ਨੌਕਰੀ ਦਵਾਉਂਣ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ, ਜਿਨ੍ਹਾਂ ਦਾ ਕੁੰਢਾ ਸਿੰਘ ਸੰਨ 1942 ਦੀ ਕੈਦ ਦਾ ਸਾਥੀ ਸੀ। ਇਸ ਕਾਰਨ ਇਨ੍ਹਾਂ ਦੋ ਸੱਜਣਾਂ ਦਾ ਯੋਗਦਾਨ ਵਰਨਯੋਗ ਹੈ।

ਮੁੱਖ ਦਫ਼ਤਰ ਵਾਲੀ ਥਾਂ ‘ਤੇ ਪਿੰਗਲਵਾੜਾ ਦਾ ਬਣਨਾ:
ਬੇ-ਅੰਤ ਧੱਕੇ-ਧੋੜੇ ਖਾਣ ਅਤੇ ਥਾਂ-ਥਾਂ ਭਟਕਣ ਤੋਂ ਬਾਅਦ 27-11-1958 ਨੂੰ ਹੁਣ ਦੇ ਮੁੱਖ ਦਫ਼ਤਰ ਵਾਲੀ ਥਾਂ 16964/- ਰੁਪਏ ਵਿਚ ਭਗਤ ਜੀ ਨੇ ਡਿਸਟ੍ਰਿਕਟ ਰੈਂਟ ਐਂਡ ਮੈਨੇਜਿੰਗ ਅਫ਼ਸਰ ਪਾਸੋਂ ਖ੍ਰੀਦ ਲਈ। ਇਹ ਕੇਂਦਰੀ ਮੁੜ-ਵਸੇਗਾ ਮੰਤਰੀ ਮਿਹਰ ਚੰਦ ਖੰਨਾ ਦੀਆਂ ਹਦਾਇਤਾਂ ਦੇ ਫਲ-ਸਰੂਪ ਸੰਭਵ ਹੋ ਸਕਿਆ, ਜਿਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਗੋਪੀ ਚੰਦ ਭਾਰਗਵ ਨੇ ਬੇਨਤੀ ਕੀਤੀ ਸੀ। ਮੁੱਖ ਮੰਤਰੀ ਭਗਤ ਜੀ ਦੇ ਲਾਹੌਰ ਦੇ ਦਿਨਾਂ ਦੇ ਪ੍ਰਸੰਸਕ ਸਨ ਅਤੇ ਚੰਗੀ ਤਰ੍ਹਾਂ ਜਾਣੂ ਵੀ। ਇਸ ਤਰ੍ਹਾਂ ਪਿੰਗਲਵਾੜਾ ਬਕਾਇਦਾ ਤੋਰ ਤੇ ਹੋਂਦ ਵਿਚ ਆ ਗਿਆ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਦੇ ਰੂਪ ਵਿਚ ਰਜਿਸਟ੍ਰੇਸ਼ਨ ਮਿਤੀ 06-03-1957 ਨੂੰ ਰਜ਼ਿਸਟਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪਾਸੋਂ ਪਹਿਲਾਂ ਹੀ ਕਰਵਾਈ ਜਾ ਚੁੱਕੀ ਸੀ।

ਭਗਤ ਜੀ ਦੀ ਸ਼ਖਸ਼ੀਆਤ ਬਾਰੇ:
ਮਾਂ ਵੱਲੋਂ ਬਚਪਨ ਵਿਚ ਜੋ ਦਇਆ, ਧਰਮ, ਸਤ, ਸੰਤੋਖ ਦੇ ਸੰਸਕਾਰ ਭਗਤ ਜੀ ਨੂੰ ਵਿਰਸੇ ਵਿਚ ਮਿਲੇ ਸਨ, ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ ਕੀਤੀ ਸੇਵਾ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਗੁਰਬਾਣੀ ਕੀਰਤਨ ਅਤੇ ਗੁਰਦੁਆਰਾ ਸਾਹਿਬ ਦੇ ਸਵੱਛ ਮਾਹੌਲ ਨੇ ਉਨ੍ਹਾਂ ਨੂੰ ਸਿਦਕੀ ਸਿੱਖ ਬਣਾ ਦਿੱਤਾ ਸੀ। ਲਾਇਬ੍ਰੇਰੀਆਂ ਵਿਚੋਂ ਗ੍ਰਹਿਣ ਕੀਤੇ ਗਿਆਨ ਅਤੇ ਨਿਸ਼ਕਾਮ ਸਮਾਜਕ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੰਭਾਲ ਨੇ ਉਨ੍ਹਾਂ ਨੂੰ ਪੂਰਨ ਮਨੁੱਖ ਬਣਾ ਦਿੱਤਾ ਸੀ। ਤਾਂਹੀਓਂ ਹੀ ਤਾਂ ਉਹ (ਭਗਤ ਪੂਰਨ ਸਿੰਘ) ਭਗਤ ਵੀ ਸਨ; ਪੂਰਨ ਵੀ, (ਸਰੀਰਕ, ਮਾਨਸਿਕ ਅਤੇ ਇਖਲਾਕੀ ਤੌਰ ‘ਤੇ) ਅਤੇ ਸਿੰਘ (ਸ਼ੇਰ) ਅਰਥਾਤ ਨਿਡਰ ਵੀ ਸਨ। ਦੀਨ-ਦੁਖੀਆਂ ਦੀ ਸੇਵਾ ਦੇ ਨਾਲ-ਨਾਲ ਉਹ ਆਪਣੇ ਸਾਥੀ ਸੇਵਾਦਾਰਾਂ ਦਾ ਵੀ ਹਰ ਦੁੱਖ-ਸੁੱਖ ਵਿਚ ਸਾਥ ਦਿੰਦੇ। ਉਹ ਹਰ ਜੀਵ ਵਿਚ ਰੱਬ ਦੀ ਹੋਂਦ ਮਹਿਸੂਸ ਕਰਦੇ ਅਤੇ ਬਿਨਾਂ ਕਿਸੇ ਜਾਤ-ਪਾਤ, ਧਰਮ, ਰੰਗ, ਨਸਲ ਦੇ ਵਿਤਕਰੇ ਦੇ ਹਰ ਲਾਵਾਰਸ, ਲਾਚਾਰ, ਬੀਮਾਰ, ਪਾਗਲ ਅਤੇ ਅਪਾਹਿਜ ਦੀ ਸੇਵਾ ਕਰਦੇ ਸਨ। ਇਹ ਰੱਬ ਦੀ ਮਿਹਰ ਦਾ ਕ੍ਰਿਸ਼ਮਾ ਹੀ ਹੈ ਕਿ ਉਨ੍ਹਾਂ ਬਹੁਤ ਗੰਭੀਰ ਅਤੇ ਭਿਆਨਕ ਰੋਗਾਂ ਤੋਂ ਗ੍ਰਸੇ ਰੋਗੀਆਂ ਦੀ ਹੱਥੀਂ ਸੇਵਾ ਕੀਤੀ ਪਰ ਉਨ੍ਹਾਂ ਨੂੰ ਕੋਈ ਬੀਮਾਰੀ ਨਾ ਲੱਗੀ। ਲੋਕ ਭਲਾਈ ਦਾ ਕੋਈ ਵੀ ਕੰਮ ਉਨ੍ਹਾਂ ਨੂੰ ਤੁਛ ਜਾਂ ਘਟੀਆ ਨਾ ਜਾਪਦਾ, ਜਿਵੇਂ ਸੜਕਾਂ ਤੇ ਪਏ ਕਿੱਲ, ਖੁਰੀਆਂ, ਕੇਲੇ ਦੇ ਛਿੱਲੜ, ਰੋੜੇ, ਕੱਚ, ਗੋਹਾ, ਟੱਟੀ, ਆਦਿ ਚੁੱਕਣੇ। ਉਹ ਸਿਰਫ ਸਾਈਕਲ, ਰਿਕਸ਼ਾ ਜਾ ਰੇਲ ਗੱਡੀ ਦੇ ਤੀਜੇ ਦਰਜੇ ਵਿਚ ਸਫਰ ਕਰਦੇ ਸਨ।

ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਹੈ ਉਹ ਗੁਰਦੁਆਰਿਆਂ ਵਿਚੋਂ ਹੀ ਹੋਇਆ ਹੈ, ਭਾਵੇਂ ਉਹ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਸੀ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ। ਉਹ ਆਪਣੇ-ਆਪ ਨੂੰ ਗੁਰੂ ਘਰ ਦਾ ਝਾੜੂ ਬਰਦਾਰ ਜਾ ਪਹਿਰੇਦਾਰ ਆਖਕੇ ਖੁਸ਼ੀ ਅਤੇ ਫ਼ਖ਼ਰ ਮਹਿਸੂਸ ਕਰਦੇ। ਉਹ ਗੁਰੂ ਦੀ ਮਿਹਰ ਨਾਲੋਂ ਕਿਸੇ ਐਵਾਰਡ ਜਾ ਉਪਾਧੀ ਨੂੰ ਵੱਡਾ ਨਹੀਂ ਮੰਨਦੇ ਸਨ। ਐਕਸ਼ਨ “ਬਲਿਊ ਸਟਾਰ” ਤੋਂ ਪਿੱਛੋਂ ਉਹ ਪਦਮ ਸ਼੍ਰੀ ਦੀ ਉਪਾਧੀ ਵਾਪਸ ਮੋੜਕੇ ਬਹੁਤ ਸੰਤੁਸ਼ਟ ਮਹਿਸੂਸ ਕਰਦੇ ਸਨ।

ਹੱਥੀਂ ਨਿਸ਼ਕਾਮ ਸੇਵਾ ਕਰਨਾ ਅਤੇ ਗਿਆਨ ਪ੍ਰਾਪਤ ਕਰਨਾ ਉਨ੍ਹਾਂ ਦਾ ਮਿਸ਼ਨ ਵੀ ਸੀ ਤੇ ਇਸ਼ਕ  ਵੀ । ਉਨ੍ਹਾਂ ਦੀ ਬੇਜੋੜ ਸ਼ਖਸੀਅਤ ਦੇ ਕੁਛ ਅੰਸ਼ ਇਸ ਪ੍ਰਕਾਰ ਹਨ:-

  1.  ਤਿਆਗੀ ਇੰਨੇ ਸਨ ਕਿ ਹੱਥੀਂ ਬਣਾਈ ਪਿੰਗਲਵਾੜਾ ਦੀ ਵਿਸ਼ਾਲ ਅਤੇ ਸ਼ਾਨਦਾਰ ਇਮਾਰਤ ਵਿਚ ਉਨ੍ਹਾਂ ਦਾ ਕਮਰਾ ਤਾਂ ਕੀ ਕੋਈ ਅਲਮਾਰੀ ਵੀ ਨਹੀਂ ਸੀ । ਲੰਮਾ ਸਮਾਂ ਤੰਗੀ-ਤੁਰਸ਼ੀ ਕੱਟਣ ਪਿੱਛੌਂ, ਪਿੰਗਲਵਾੜਾ ਨੂੰ ਦਾਨ ਵਜੋਂ ਲੱਖਾਂ ਰੁਪਏ ਆਉਂਣ ਲਗ ਪਏ ਜੋ ਸਾਰੇ ਦੇ ਸਾਰੇ ਅਪਾਹਜਾਂ, ਬੀਮਾਰਾਂ ਅਤੇ ਲਾਚਾਰਾਂ ਉਤੇ ਖ਼ਰਚ ਕਰ ਦਿੰਦੇ ਅਤੇ ਆਪਣੇ ਕੋਲ ਕੁਝ ਵੀ ਜਮਾ ਨ ਕਰਦੇ ।
  2. ਇਖ਼ਲਾਕ ਇਨਾ ਉੱਚਾ ਕਿ ਸਮਾਜ ਦੀਆਂ ਸਤਾਈਆਂ ਹੋਈਆਂ ਲਾਚਾਰ ਤੇ ਪਾਗਲ ਔਰਤਾਂ, ਜਿਨ੍ਹਾਂ ਵਿਚ ਸੋਹਣੀਆਂ, ਜਵਾਨ ਲੜਕੀਆਂ ਵੀ ਹੁੰਦੀਆਂ, ਦੇ ਸਿਰਾਂ ਤੇ ਪਿਤਾ ਵਾਲਾ ਹੱਥ ਤਾਂ ਰੱਖਿਆ, ਉਨ੍ਹਾਂ ਦੇ ਮਾਨਸਿਕ ਜਾਂ ਹੋਰ ਭਿਆਨਕ ਰੋਗਾਂ ਦਾ ਇਲਾਜ਼ ਤਾਂ ਕਰਾਇਆ, ਪਰ ਉਨ੍ਹਾਂ ਵੱਲ ਮੈਲੀ ਅੱਖ ਨਾਲ ਕਦੀ ਨ ਵੇਖਿਆ। ਜੋ ਰਾਜੀ ਹੋਕੇ ਆਪਣਾ ਥਾਂ, ਪਤਾ ਦੱਸ ਸਕੀ ਉਸਨੂੰ ਉਸਦੇ ਘਰ ਪਹੁੰਚਾਇਆ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜੂ ਉਨ੍ਹਾਂ ਦੇ ਰੋਮ-ਰੋਮ ਵਿਚ ਵੱਸੀ ਹੋਈ ਸੀ।
  3. ਸੇਵਾ ਭਾਵ ਇਨਾਂ ਦ੍ਰਿੜ੍ਹ ਕਿ ਰੋਗੀਆਂ ਦੇ ਜਖ਼ਮਾਂ ‘ਚੋਂ ਕੀੜਿਆਂ ਤਕ ਵੀ ਆਪ ਕੱਢੇ ਅਤੇ ਕਈਆਂ ਦੇ ਦਸਤਾਂ, ਮ੍ਰੋੜਾਂ ਤੇ ਉਲਟੀਆਂ ਵਾਲੇ ਕਪੜੇ ਹੱਥੀ ਧੋਤੇ, ਪਰ ਘਿਰਨਾ ਨਹੀਂ ਕੀਤੀ ਅਤੇ ਨ ਹੀ ਅੱਕੇ, ਥੱਕੇ। ਸਗੋਂ ਪਿਆਰਾ ਸਿੰਘ ਨੂੰ ਤਾਂ ਆਪਣਾ ਰੱਬ ਵੀ ਆਖ ਦਿੰਦੇ ਕਿ ਜੇ ਇਹ ਮੇਰੇ ਕੋਲ ਨ ਆਉਂਦਾ ਤਾਂ ਪਿੰਗਲਵਾੜਾ ਵੀ ਹੋਂਦ ਵਿਚ ਨ ਆਉਂਦਾ।
  4. ਵਚਨ ਦੇ ਇਨ੍ਹੇ ਪੱਕੇ ਕਿ ਜੇ ਮਾਂ ਨੇ ਆਖਿਆ ਕਿ ਪਿਤਾ ਦੀ ਜਾਇਦਾਦ ਵਿਚੋਂ ਹਿੱਸਾ ਨ ਲਵੀਂ ਤਾਂ ਉਸ ਪਾਸੇ ਵੱਲ ਕਦੀ ਤੱਕਿਆ ਵੀ ਨਾ । ਜੇ ਮਾਂ ਨਾਲ ਵਾਅਦਾ ਕੀਤਾ ਕਿ “ਸਾਰੀ ਉਮਰ ਕਵਾਰਾ ਰਹਿਕੇ ਰੱਬ ਦੇ ਹੀ ਕੰਮ ਕਰਾਂਗਾ” ਤਾਂ ਇਸ ਗੱਲ ਤੇ ਆਖਰੀ ਦਮ ਤੱਕ ਪਹਿਰਾ ਦਿੱਤਾ।
  5. ਹਿਰਦੇ ਦੇ ਇੰਨੇ ਕੋਮਲ ਕਿ ਜਦੋਂ ਪਤਾ ਲੱਗਾ ਕਿ ਵਧੀਆ ਚਮੜਾ ਜੀਉਂਦੇ ਪਸ਼ੂਆਂ ਨੂੰ ਕੁੱਟ-ਕੁੱਟ ਕੇ ਮਾਰਨ ਅਤੇ ਉਨ੍ਹਾਂ ਦੀ ਖੱਲ ਲਾਹੁਣ ਨਾਲ ਬਣਦਾ ਹੈ ਤਾਂ ਚਮੜੇ ਦੀ ਬਣੀ ਜੁੱਤੀ ਪਾਉਂਣੀ ਹੀ ਛੱਡ ਦਿੱਤੀ।
  6. ਬੇ-ਰੋਜ਼ਗਾਰੀ ਦੀ ਇਨੀ ਚਿੰਤਾ ਕਿ ਜਦੋਂ ਪਤਾ ਲੱਗਾ ਕਿ ਹੱਥ-ਖੱਡੀ ਦੀ ਥਾਂ ਮਸ਼ੀਨਾਂ ਲੱਗਣ ਨਾਲ ਬੇ-ਰੁਜ਼ਗਾਰੀ ਵੱਧਦੀ ਹੈ ਤਾ ਸਾਰੀ ਉਮਰ ਹੱਥ-ਖੱਡੀ ਦਾ ਬੁਣਿਆ ਖੱਦਰ ਹੀ ਪਾਇਆ ਅਤੇ ਆਪਣੇ ਸਾਥੀ ਸੇਵਾਦਾਰਾਂ ਨੂੰ ਵੀ ਹਰ ਮਹੀਨੇ ਤਨਖਾਹ ਦੇ ਨਾਲ ਖਦਰ ਵੀ ਦਿੰਦੇ ਰਹੇ ।
  7. ਖੁਰਾਕ ਇੰਨੀ ਸਾਦਾ ਕਿ ਜੋ ਲੰਗਰ ‘ਚ ਪੱਕਦਾ ਉਹੋ ਹੀ ਖਾਂਦੇ। ਤੰਗੀ-ਤੁਰਸ਼ੀ ਦੇ ਦਿਨਾਂ ਵਿੱਚ ਜੋ ਰੁੱਖੀ-ਮਿੱਸੀ ਮਿਲਦੀ, ਖਾਕੇ ਠੰਢਾ ਪਾਣੀ ਪੀ ਲੈਂਦੇ।
  8. ਸਮਾਜਕ ਬੁਰਾਈਆਂ, ਦੇਸ਼ ਨੂੰ ਦਰਪੇਸ਼ ਮਸਲਿਆ, (ਵੱਧਦੀ ਅਬਾਦੀ, ਵਾਤਾਵਰਨ ਦੇ ਗੰਧਲਾਪਨ, ਕੁਦਰਤੀ ਸੋਮਿਆਂ ਦੀ ਖਪਤ, ਜੰਗਲਾਂ ਦੀ ਅੰਧਾ-ਧੁੰਦ ਕਟਾਈ, ਧਰਤੀ ਦੇ ਖੋਰੇ, ਆਦਿ) ਦੀ ਇੰਨੀ ਚਿੰਤਾ ਕਿ ਇੰਨ੍ਹਾਂ ਬਾਰੇ ਜਿਥੋਂ ਵੀ ਚੰਗੇ ਲੇਖ ਜਾਂ ਜਾਣਕਾਰੀ ਮਿਲੀ, ਆਪਣੀ ਪ੍ਰੈਸ ਵਿਚ ਛਾਪਕੇ ਮੁਖ਼ਤ ਵੰਡੀ ਤਾਂ ਜੋ ਲੋਕ ਇੰਨ੍ਹਾਂ ਬਾਰੇ ਸੁਚੇਤ ਹੋਣ, ਸੋਚਣ ਅਤੇ ਸਹਾਈ ਹੋਣ। ਮੁਕੱਦੀ ਗੱਲ, ਧਰਤੀ, ਹਵਾ ਤੇ ਪਾਣੀ ਦੀ ਸਵੱਛਤਾ, ਦੇਸ਼ ਤੇ ਸਮਾਜ ਦੇ ਮਸਲਿਆਂ ਦੇ ਹੱਲ ਅਤੇ ਦੁੱਖੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਹੀ ਸਾਰੀ ਉਮਰ ਉਹਨਾਂ ਦੀ ਚਿੰਤਾ ਬਣੇ ਰਹੇ ਅਤੇ ਇਸ ਪਾਸੇ ਉਨ੍ਹਾਂ ਇੰਨਾਂ ਕੰਮ ਕੀਤਾ ਕਿ ਇਕ ਮਿਸਾਲ ਕਾਇਮ ਕਰ ਦਿਤੀ।

ਅੰਤਮ ਸਮਾਂ:
ਉਹ 20 ਜੂਨ 1992 ਨੂੰ ਬੀਮਾਰ ਪੈ ਗਏ ਅਤੇ ਉਨ੍ਹਾਂ ਨੂੰ ਵਰਿਆਮ ਸਿੰਘ ਨਰਸਿੰਗ ਹੋਮ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ 23 ਜੂਨ ਨੂੰ ਉਨ੍ਹਾਂ ਦਾ ਉਪ੍ਰੇਸ਼ਨ ਹੋਇਆ। ਪਿੱਛੋਂ ਇਕ ਦਿਨ ਹਾਲਤ ਅਚਾਨਕ ਵਿਗੜ ਜਾਣ ਕਰਕੇ ਉਨ੍ਹਾਂ ਨੂੰ ਹਵਾਈ ਜਹਾਜ ਰਾਹੀਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਕ ਹੋਰ ਉਪ੍ਰੇਸ਼ਨ ਹੋਇਆ। ਪਰ, ਨਾਲ ਹੀ ਦਿਲ ਅਤੇ ਫੇਫੜੇ ਦੀ ਤਕਲੀਫ ਹੋ ਗਈ ਅਤੇ ਅੰਤ 5 ਅਗਸਤ 1992 ਨੂੰ ਉਹ ਸਦੀਵੀਂ ਵਿਛੋੜਾ ਦੇ ਗਏ। ਇਹੋ ਜਿਹੇ ਮਹਾਂਪੁਰਸ਼ ਯੁਗਾਂ ਪਿੱਛੋਂ ਹੀ ਸੰਸਾਰ ਵਿਚ ਆਉਂਦੇ ਹਨ ਅਤੇ ਕੁਦਰਤ ਦੇ ਨਿਯਮ ਅਨੁਸਾਰ ਇਨ੍ਹਾਂ ਨੂੰ ਵੀ ਇਸ ਫਾਨੀ ਸੰਸਾਰ ਤੋਂ ਜਾਣਾ ਪੈਂਦਾ ਹੈ।

ਸਦੀਵੀ ਯਾਦ:
ਭਗਤ ਜੀ ਭਾਵੇਂ ਸਰੀਰਕ ਤੋਰ ‘ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਆਪਣੇ ਪਿੱਛੇ, ਪਿੰਗਲਵਾੜਾ ਦੇ ਰੂਪ ਵਿਚ, ਆਪਣੀ ਸਦੀਵੀ ਯਾਦ ਛੱਡ ਗਏ ਹਨ, ਜੋ ਬੇ-ਘਰਿਆਂ ਲਈ ਘਰ, ਬੇ-ਆਸਰਿਆਂ ਲਈ ਆਸਰਾ, ਲਾਵਾਰਸ ਰੋਗੀਆਂ ਲਈ ਹਸਪਤਾਲ ਅਤੇ ਬੱਚਿਆਂ ਲਈ ਭੰਗੂੜਾ ਹੈ । ਇੰਜ, ਇਸ ਬਹੁ-ਮੁੱਖੀ ਸੰਸਥਾ ਨੇ ਭਗਤ ਜੀ ਨੂੰ ਅਮਰ ਕਰ ਦਿੱਤਾ ਹੈ।
ਇਸਦਾ ਕੰਮ ਚਲਦਾ ਰੱਖਣ ਲਈ, ਉਹ ਆਪਣੀ ਵਸੀਅਤ ਰਾਹੀਂ, ਆਪਣਾ ਉਤਰਅਧਿਕਾਰੀ ਡਾਕਟਰ ਬੀਬੀ ਇੰਦਰਜੀਤ ਕੌਰ ਨੂੰ ਥਾਪ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਵੀ ਅੰਤਲੇ ਸਾਹਾਂ ਤਕ ਇੱਕ ਧੀ ਵਾਲੇ ਪਿਆਰ ਤੇ ਲਗਨ ਨਾਲ ਸੇਵਾ ਕੀਤੀ ਅਤੇ ਹੁਣ ਸੰਸਥਾ ਦੇ ਦੁਖੀਆਂ ਅਤੇ ਰੋਗੀਆਂ ਦੀ ਸੇਵਾ ਵੀ ਪੂਰੀ ਤਨ-ਦੇਹੀ ਨਾਲ ਕਰ ਰਹੇ ਹਨ। ਉਹ (ਬੀਬੀ ਜੀ) ਤੇ ਉਨ੍ਹਾਂ ਦੇ ਸਹਿਯੋਗੀਆਂ, ਸੇਵਾਦਾਰਾਂ ਦੀ ਟੀਮ ਪਿੰਗਲਵਾੜਾ ਸੰਸਥਾ ਦੇ ਲਗ-ਭਗ 1560 ਰੋਗੀਆਂ (ਜਿਵੇਂ ਮਿਤੀ 30-06-2012 ਨੂੰ ) ਦੀ ਸੇਵਾ-ਸੰਭਲ ਨੂੰ ਹੀ ਆਪਣਾ ਧਰਮ ਸਮਝਦੀ ਹੈ ਅਤੇ ਭਗਤ ਜੀ ਪ੍ਰਤੀ ਸੱਚੀ ਸ਼ਰਧਾਂਜਲੀ ਵੀ। ਇਹੋ ਕਾਰਨ ਹੈ ਕਿ, ਵਾਹਿਗੁਰੂ ਦੀ ਕਿਰਪਾ ਸਦਕਾ, ਸੰਸਥਾ ਦਾ ਕੰਮ ਦਿਨੋਂ-ਦਿਨ ਉੱਨਤੀ ਦੇ ਮਾਰਗ ਤੇ ਅੱਗੇ-ਹੀ-ਅੱਗੇ ਵੱਧਦਾ ਜਾ ਰਿਹਾ ਹੈ।

_ ਮੁਖਤਾਰ  ਸਿੰਘ  ਗੁਰਾਇਆ

ਪੰਜਾਬੀ Dictionary

Important Update

*40 new Signs uploaded on 7th February 2018.

Online education for the deaf available now. All schools for the deaf can join our free network on the SKYPE for lessons

*A new online school for the deaf at Bhagat Puran Singh Adarsh School Buttar Kalan, Kadian.
Lessons available on YouTube and online from Bhagat Puran singh School for the Deaf, Manawala, Amritsar.

5th elementary School for Deaf is being opened by Pingalwara in Hoshiarpur. It will be operational shortly.